ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਕਾਰਨ ਜਨ-ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸੇ ਵਿਚਾਲੇ ਅੰਮ੍ਰਿਤਸਰ ਏਅਰਪੋਰਟ 'ਤੇ ਦੁਬਈ ਤੋਂ ਆਉਣ ਵਾਲੀ ਅੰਤਰਰਾਸ਼ਟਰੀ ਉਡਾਨ ਰੱਦ ਹੋ ਗਈ ਹੈ। ਉਡਾਨਾਂ 'ਤੇ ਸੰਘਣੀ ਧੁੰਦ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਸੰਘਣੀ ਧੁੰਦ ਅਤੇ ਮੌਸਮ ਖਰਾਬ ਹੋਣ ਕਰਕੇ ਹਵਾਈ ਉਡਾਨਾਂ ਕਾਫੀ ਪ੍ਰਭਾਵਿਤ ਹੋ ਰਹੀਆਂ ਹਨ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਦੁਬਈ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ ਲੰਡਨ ਤੋਂ ਅੰਮ੍ਰਿਤਸਰ ਆਉਣ ਵਾਲੀ ਏਅਰ ਇੰਡੀਆ ਦੀ ਉਡਾਨ ਦੇਰੀ ਨਾਲ ਚੱਲ ਰਹੀ ਹੈ, ਅੰਮ੍ਰਿਤਸਰ ਆਉਣ ਵਾਲੀ ਇਹ ਉਡਾਨ ਦੁਪਹਿਰ ਤੋਂ ਬਾਅਦ ਪਹੁੰਚੇਗੀ। ਉੱਥੇ ਹੀ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ ਇਲਾਕਿਆਂ ਤੋਂ ਵੀ ਬੁਰੀਆਂ ਖਬਰਾਂ ਸਾਹਮਣੇ ਆਈਆਂ ਹਨ। ਮਾਨਸਾ ਦੇ ਬੁਢਲਾਡਾ ਖੇਤਰ ਵਿੱਚ ਸੰਘਣੀ ਧੁੰਦ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉਹ ਦੇਰ ਰਾਤ ਖਰੀਦਦਾਰੀ ਕਰਕੇ ਆਪਣੇ ਪਿੰਡ ਵਾਪਸ ਆ ਰਹੇ ਸਨ। ਇਸ ਦੌਰਾਨ ਮੋਗਾ ਦੇ ਸਮਾਲਸਰ ਵਿੱਚ ਇੱਕ ਟਰੱਕ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟਕਰਾ ਗਿਆ, ਜਿਸ ਨਾਲ ਦੋਵੇਂ ਲੱਤਾਂ ਟੁੱਟ ਗਈਆਂ। ਬੱਸ ਡਰਾਈਵਰ ਨੂੰ ਸੱਟਾਂ ਲੱਗੀਆਂ ਜਦੋਂ ਕਿ ਅੱਗੇ ਵਾਲਾ ਯਾਤਰੀ ਵੀ ਜ਼ਖਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਮੌਸਮ ਵਿਭਾਗ ਨੇ 22 ਦਸੰਬਰ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ, ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਆਵੇਗੀ। ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਘੱਟੋ-ਘੱਟ ਤਾਪਮਾਨ ਵਿੱਚ 1.2 ਡਿਗਰੀ ਦੀ ਗਿਰਾਵਟ ਆਈ ਹੈ, ਜੋ ਕਿ ਠੰਢ ਨੂੰ ਹੋਰ ਤੇਜ਼ ਕਰੇਗਾ।