ਕਈ ਮਹੀਨਿਆਂ ਤੋਂ ਤਣਾਅ ਵਾਲੇ ਰਹੇ ਭਾਰਤ-ਕੈਨੇਡਾ ਸਬੰਧਾਂ ਵਿੱਚ ਹੁਣ ਥੋੜ੍ਹੀ ਗਰਮੀ ਦੇ ਸੰਕੇਤ ਮਿਲੇ ਹਨ। ਨਿਆਗਰਾ ਵਿੱਚ ਹੋਈ G7 ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਆਪਣੇ ਕੈਨੇਡੀਅਨ ਹਮਰੁਤਬਾ ਅਨੀਤਾ ਆਨੰਦ ਨਾਲ ਮੁਲਾਕਾਤ ਕਰਕੇ ਇਹ ਸੰਕੇਤ ਦਿੱਤੇ ਹਨ ਕਿ ਗੱਲਬਾਤ ਦਾ ਦਰਵਾਜ਼ਾ ਮੁੜ ਖੁੱਲ ਰਿਹਾ ਹੈ।
ਇਹ ਮੀਟਿੰਗ ਕਿਸੇ ਸਧਾਰਨ ਕੂਟਨੀਤਿਕ ਰਵਾਇਤ ਤੱਕ ਸੀਮਤ ਨਹੀਂ ਸੀ। ਦੋਵਾਂ ਨੇ ਖਾਸ ਤੌਰ ‘ਤੇ ਭਾਰਤ-ਕੈਨੇਡਾ ਰੋਡਮੈਪ 2025 ਦੀ ਤਰੱਕੀ, ਵਪਾਰ, ਊਰਜਾ ਸਹਿਯੋਗ ਅਤੇ ਲੋਕ-ਲੋਕ ਸੰਪਰਕਾਂ ‘ਤੇ ਵਿਚਾਰ ਸਾਂਝੇ ਕੀਤੇ। ਜੈਸ਼ੰਕਰ ਨੇ ਕੈਨੇਡਾ ਨੂੰ G7 ਮੀਟਿੰਗ ਦੀ ਸਫ਼ਲ ਮੇਜ਼ਬਾਨੀ ‘ਤੇ ਵਧਾਈ ਦਿੱਤੀ, ਜਦਕਿ ਅਨੀਤਾ ਆਨੰਦ ਨੇ ਭਾਰਤ ਨੂੰ “ਕੈਨੇਡਾ ਲਈ ਇੱਕ ਮਹੱਤਵਪੂਰਨ ਭਾਗੀਦਾਰ” ਕਰਾਰ ਦਿੱਤਾ। ਪਿਛਲੇ ਸਾਲਾਂ ਵਿੱਚ ਵੱਖਵਾਦ ਦੇ ਮੁੱਦੇ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ‘ਚ ਤਰੇੜ ਲਿਆਂਦੀ ਹੈ । ਪਰ ਹੁਣ ਜਿਵੇਂ ਦੋਵੇਂ ਪਾਸੇ ਇਹ ਅਹਿਸਾਸ ਕਰ ਰਹੇ ਹਨ ਕਿ ਕੂਟਨੀਤਿਕ ਟਕਰਾਅ ਨਾਲ ਨਾ ਵਪਾਰ ਬਚਦਾ ਹੈ ਤੇ ਨਾ ਵਿਸ਼ਵਾਸ, ਤਿਵੇਂ ਹੀ ਇੱਕ ਨਵੀਂ ਸ਼ੁਰੂਆਤ ਦੀ ਕੋਸ਼ਿਸ਼ ਨਜ਼ਰ ਆ ਰਹੀ ਹੈ।
ਇਸ ਮੀਟਿੰਗ ਨੂੰ ਕੂਟਨੀਤਿਕ ਵਰਗਾਂ ਵਿੱਚ ਭਾਰਤ-ਕੈਨੇਡਾ ਸੰਬੰਧਾਂ ਵਿੱਚ ਇਕ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਹ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਦੋਵੇਂ ਦੇਸ਼ ਪਿਛਲੇ ਇਕ ਸਾਲ ਤੋਂ ਤਣਾਅ ਭਰੇ ਦੌਰ ਵਿੱਚੋਂ ਗੁਜ਼ਰ ਰਹੇ ਸਨ।