ਪੰਜਾਬ, ਹਰਿਆਣਾ ਅਤੇ ਦਿੱਲੀ-NCR ’ਚ ਠੰਢ ਦਾ ਕਹਿਰ ਜਾਰੀ ਹੈ, ਭਾਰਤੀ ਮੌਸਮ ਵਿਭਾਗ (IMD) ਨੇ ਇਸ ਹਫ਼ਤੇ ਦੌਰਾਨ ਕਈ ਥਾਵਾਂ 'ਤੇ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਧੁੰਦ ਕਾਰਨ ਕਈ ਥਾਵਾਂ 'ਤੇ ਵਿਜ਼ੀਬਿਲਿਟੀ ਘੱਟ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਘਣੀ ਧੁੰਦ ਦੀ ਚੇਤਾਵਨੀ
ਅਗਲੇ 24 ਘੰਟਿਆਂ ਦੌਰਾਨ ਕਈ ਸੂਬਿਆਂ ’ਚ ਸੰਘਣੀ ਧੁੰਦ ਦੀ ਸਥਿਤੀ ਰਹਿਣ ਦੀ ਉਮੀਦ ਹੈ। IMD ਨੇ 28 ਦਸੰਬਰ, 2025 ਤੱਕ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਕਈ ਹਿੱਸਿਆਂ ’ਚ ਰਾਤ ਅਤੇ ਸਵੇਰ ਦੇ ਸਮੇਂ ਧੁੰਦ ਦੀ ਸਥਿਤੀ ਰਹਿਣ ਦੀ ਉਮੀਦ ਜਤਾਈ ਹੈ। 29 ਦਸੰਬਰ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਚੰਡੀਗੜ੍ਹ ’ਚ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਰਹਿਣਗੇ।
ਸ਼ੀਤ ਲਹਿਰ ਦੀ ਚੇਤਾਵਨੀ
IMD ਨੇ 27 ਦਸੰਬਰ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਝਾਰਖੰਡ ਅਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। 28 ਦਸੰਬਰ ਤੱਕ ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਅਲੱਗ-ਥਲੱਗ ਇਲਾਕਿਆਂ ’ਚ ਵੀ ਠੰਢ ਜਾਂ ਗੰਭੀਰ ਠੰਢ ਵਾਲੇ ਦਿਨਾਂ ਦੀ ਸਥਿਤੀ ਦੀ ਉਮੀਦ ਹੈ।