ਜਲਾਲਾਬਾਦ ਵਿਖੇ ਬੀਤੇ ਦਿਨੀਂ ਪਿੰਡ ਮੰਨੇ ਵਾਲਾ ਦੇ ਨੇੜੇ ਬਣੇ ਐਚ.ਪੀ. ਪੈਟਰੋਲ ਪੰਪ ਅਤੇ ਇੰਨੋਵੇਟੀਵ ਸਕੂਲ ਨੇੜੇ ਇੱਕ ਸੜਕ ਹਾਦਸਾ ਹੋਇਆ, ਜਿਸ ਵਿੱਚ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਅਤੇ 2 ਨੌਜ਼ਵਾਨਾਂ ਦੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਥਾਨਕ ਦਾਣਾ ਮੰਡੀ ਗੇਟ ਦੇ ਕੋਲ ਚੱਕਾ ਜਾਮ ਕਰਕੇ ਲਗਭਗ 4 ਘੰਟੇ ਦੇ ਕਰੀਬ ਪੁਲਿਸ ਪ੍ਰਸ਼ਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪਰਿਵਾਰ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਿੱਪਰ ਚਾਲਕ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।
ਚੱਕਾ ਜਾਮ ਨੂੰ ਲੈ ਕੇ ਲੋਕਾਂ ਦਾ ਗੁੱਸਾ ਵਧਣ 'ਤੇ ਸਿਟੀ ਜਲਾਲਾਬਾਦ ਥਾਣੇ ਦੀ ਪੁਲਿਸ ਨੇ ਬਿਨਾਂ ਨੰਬਰ ਵਾਲੇ ਟਾਟਾ ਮਿਕਸਰ/ਟਿੱਪਰ ਦੇ ਡਰਾਈਵਰ ਵਿਰੁੱਧ ਧਾਰਾ 281, 324 (4) ਬੀਐਨਐਸ ਦੇ ਤਹਿਤ ਕੇਸ ਨੰਬਰ 172 ਦੇ ਤਹਿਤ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਅਤੇ ਜ਼ਖਮੀ ਨੌਜਵਾਨ ਰੂਪ ਸਿੰਘ ਪੁੱਤਰ ਕੁਲਵੰਤ ਸਿੰਘ ਵਿਰੁੱਧ ਕੇਸ ਦਰਜ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੱਕ ਕਾਠਗੜ੍ਹ ਦਾ 28 ਸਾਲਾ ਨੌਜਵਾਨ ਲਖਵਿੰਦਰ ਸਿੰਘ, ਜੋ ਕਿ ਬਜਾਜ ਫਾਈਨੈਂਸ ਲਈ ਕੰਮ ਕਰਦਾ ਸੀ,ਕੱਲ੍ਹ ਦੁਪਹਿਰ 1:30 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ 'ਤੇ ਚੱਕ ਬਲੋਚਾ ਮਾਹਲਮ ਤੋਂ ਪਿੰਡ ਵਾਪਸ ਆ ਰਿਹਾ ਸੀ, ਜਦੋਂ ਉਸਦਾ ਮੋਟਰਸਾਈਕਲ ਇੱਕ ਹੋਰ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਵੀ ਗੰਭੀਰ ਜ਼ਖਮੀ ਹੋ ਗਿਆ।
ਇਸ ਘਟਨਾ ਦੇ ਸਬੰਧ ਵਿੱਚ ਮ੍ਰਿਤਕ ਲਖਵਿੰਦਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨ 'ਤੇ ਸਿਟੀ ਥਾਣਾ ਜਲਾਲਾਬਾਦ ਦੀ ਪੁਲਿਸ ਨੇ ਮੋਟਰਸਾਈਕਲ ਸਵਾਰ ਰੂਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗਾਂਧੀ ਨਗਰ ਖਿਲਾਫ਼ ਮਾਮਲਾ ਨੰਬਰ 172 ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।