ਉਤਰ ਭਾਰਤ 'ਚ ਠੰਡ ਆਪਣੀ ਸਿੱਖਰਾਂ 'ਤੇ ਪਹੁੰਚ ਗਈ ਹੈ। ਇਹ ਠੰਡ ਬਜ਼ੁਰਗਾਂ ਲਈ ਕਾਫੀ ਮੁਸ਼ਕਲਾਂ ਭਰੀ ਰਹਿੰਦੀ ਹੈ, ਇਨ੍ਹਾਂ ਠੰਡ ਦੇ ਦਿਨਾਂ 'ਚ ਹਾਰਟ ਅਟੈਕ ਦੇ ਕੇਸ ਵੀ ਬਹੁਤ ਵੱਧ ਜਾਂਦੇ ਨੇ। ਅੱਜ ਕੱਲ੍ਹ ਇਹ ਪ੍ਰੋਬਲਮ ਬਜ਼ੁਰਗਾਂ ਤੱਕ ਹੀ ਸਿਮਤ ਨਹੀਂ ਰਹਿ ਗਈ ਹੈ ਤੇ ਇਹ ਨੌਜਵਾਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਰਹੀ ਹੈ। ਅੱਜ ਦੇ ਸਮੇਂ 'ਚ ਕਈ ਕੇਸ ਅਜਿਹੇ ਵੀ ਸਾਹਮਣੇ ਆਏ ਨੇ ਕਿ ਘੱਟ ਉਮਰ ਵਿੱਚ ਹੀ ਲੋਕਾਂ ਦਾ ਦਿਲ ਫੇਲ ਹੋ ਰਹੇ ਨੇ ਤੇ ਅਚਾਨਕ ਮੌਤ ਹੋ ਰਹੀ ਹੈ। ਕਈ ਮਾਮਲਿਆਂ 'ਚ ਕੋਈ ਘਬਰਾਹਟ ਜਾਂ ਛਾਤੀ ਵਿੱਚ ਦਰਦ ਨਹੀਂ ਹੁੰਦਾ, ਇਹ ਸਿੱਧਾ ਅਚਾਨਕ ਵਾਪਰ ਜਾਂਦਾ ਹੈ। ਡਾਕਰਟ ਇਸ ਨੂੰ ਸਾਈਲੈਂਟ ਅਟੈਕ ਕਹਿੰਦੇ ਨੇ।
ਸੀਨੀਅਰ ਕਾਰਡੀਓਲੋਜਿਸਟ ਮੁਤਾਬਿਕ ਸਾਇਲੈਂਟ ਹਾਰਟ ਅਟੈਕ ਤੋਂ ਪਹਿਲਾਂ ਕੁਝ ਲੱਛਣ ਅਕਸਰ ਵਿਖਦੇ ਹਨ, ਪਰ ਲੋਕ ਇਹਨਾਂ ਨੂੰ ਆਮ ਸਮਝ ਕੇ ਅਣਦੇਖਿਆ ਕਰ ਦਿੰਦੇ ਹਨ। ਜੇ ਤੁਸੀਂ ਸਮੇਂ 'ਤੇ ਇਹ ਲੱਛਣ ਸਮਝ ਲਵੋ, ਤਾਂ ਜਾਨ ਬਚਾਈ ਜਾ ਸਕਦੀ ਹੈ।
ਚਲੋ ਜਾਣਦੇ ਹਾਂ - ਸਾਇਲੈਂਟ ਹਾਰਟ ਅਟੈਕ ਕੀ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ।
ਸਾਇਲੈਂਟ ਹਾਰਟ ਅਟੈਕ 'ਚ ਛਾਤੀ ਦਾ ਦਰਦ, ਜਲਨ ਜਾਂ ਸਾਂਹ ਫੁੱਲਣਾ ਵਰਗੇ ਆਮ ਹਾਰਟ ਅਟੈਕ ਵਾਲੇ ਲੱਛਣ ਨਹੀਂ ਹੁੰਦੇ। ਇਸਦੇ ਲੱਛਣ ਬਹੁਤ ਹੀ ਸਧਾਰਣ ਤੇ ਹਲਕੇ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਅਕਸਰ ਪੇਟ ਦੀ ਤਕਲੀਫ਼ ਜਾਂ ਗਲਤ ਖਾਣ-ਪੀਣ ਦਾ ਨਤੀਜਾ ਸਮਝ ਕੇ ਅਣਦੇਖਿਆ ਕਰ ਦਿੰਦੇ ਹਨ। ਪਰ ਇਹ ਦਿਲ ਲਈ ਬਹੁਤ ਖਤਰਨਾਕ ਹੁੰਦਾ ਹੈ। ਅਚਾਨਕ ਹੀ ਦਿਲ ਤੱਕ ਖੂਨ ਪਹੁੰਚਣਾ ਰੁਕ ਜਾਂਦਾ ਹੈ। ਜਦੋਂ ਬਲੱਡ ਸਰਕੂਲੇਸ਼ਨ ਰੁਕਦਾ ਹੈ, ਤੁਰੰਤ ਸਾਇਲੈਂਟ ਹਾਰਟ ਅਟੈਕ ਆ ਸਕਦਾ ਹੈ ਅਤੇ ਇਨਸਾਨ ਦੀ ਜਾਨ ਤੱਕ ਵੀ ਜਾ ਸਕਦੀ ਹੈ।

ਕੀ ਲੱਛਣ ਹੁੰਦੇ ਹਨ?
ਅਕਸਰ ਲੋਕ ਛਾਤੀ 'ਚ ਭਾਰੇਪਣ ਨੂੰ ਅਣਦੇਖਾ ਕਰ ਦਿੰਦੇ ਹਨ। ਜੇ ਤੁਹਾਨੂੰ ਉਠਦੇ-ਬੈਠਦੇ ਜਾਂ ਤੁਰਦੇ ਸਮੇਂ ਛਾਤੀ ਭਾਰੀ ਲੱਗਦੀ ਹੈ ਜਾਂ ਬੇਚੈਨੀ ਹੁੰਦੀ ਹੈ, ਤਾਂ ਡਾਕਟਰ ਨਾਲ ਜ਼ਰੂਰ ਮਿਲੋ। ਇਸ ਦੌਰਾਨ ਸਾਂਹ ਲੈਣ 'ਚ ਦਿੱਕਤ ਜਾਂ ਸਾਂਹ ਫੁੱਲਣਾ ਵੀ ਹੋ ਸਕਦਾ ਹੈ। ਜ਼ਿਆਦਾਤਰ ਲੋਕ ਇਸਨੂੰ ਸਿਰਫ਼ ਗੈਸ ਸਮਝ ਲੈਂਦੇ ਹਨ।
ਕਿਨ੍ਹਾਂ ਨੂੰ ਵੱਧ ਖਤਰਾ ਹੁੰਦਾ ਹੈ?
ਸਾਇਲੈਂਟ ਹਾਰਟ ਅਟੈਕ ਦਾ ਖਤਰਾ ਉਨ੍ਹਾਂ ਲੋਕਾਂ ਨੂੰ ਵੱਧ ਹੁੰਦਾ ਹੈ ਜਿਨ੍ਹਾਂ ਨੂੰ (ਡਾਇਬਟੀਜ਼, ਹਾਈ ਬੀ.ਪੀ., ਹਾਈ ਕੋਲੇਸਟਰੋਲ, ਮੋਟਾਪਾ, ਸਮੋਕਿੰਗ ਦੀ ਆਦਤ, ਸ਼ਰਾਬ ਪੀਣ ਦੀ ਆਦਤ) ਹੁੰਦੀ ਹੈ
ਜੇ ਤੁਹਾਡੇ ਸਰੀਰ ਵਿੱਚ ਇਹਨਾਂ ਵਿਚੋਂ ਕੋਈ ਵੀ ਲੱਛਣ ਨਜ਼ਰ ਆਉਂਦੇ ਹਨ, ਤਾਂ ਤੁਰੰਤ ਕਿਸੇ ਕਾਰਡੀਓਲੋਜਿਸਟ ਨਾਲ ਸੰਪਰਕ ਕਰੋ। ਸਮੇਂ 'ਤੇ ਇਲਾਜ ਮਿਲੇ ਤਾਂ ਜਾਨ ਬਚਾਈ ਜਾ ਸਕਦੀ ਹੈ।