Sunday, 11th of January 2026

ਖਾਲਸਾ ਨਗਰੀ ਦੀ ਬਦਲ ਰਹੀ ਨੁਹਾਰ

Reported by: Gurpreet Singh  |  Edited by: Jitendra Baghel  |  November 08th 2025 12:08 PM  |  Updated: November 10th 2025 11:23 AM
ਖਾਲਸਾ ਨਗਰੀ ਦੀ ਬਦਲ ਰਹੀ ਨੁਹਾਰ

ਖਾਲਸਾ ਨਗਰੀ ਦੀ ਬਦਲ ਰਹੀ ਨੁਹਾਰ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਅੰਦਰੂਨੀ ਅਤੇ ਪਹੁੰਚ ਸੜਕਾਂ ਦੇ ਨਵੀਨੀਕਰਨ ਲਈ 20 ਕਰੋੜ ਰੁਪਏ ਦਾ ਇੱਕ ਵਿਆਪਕ ਪ੍ਰੋਜੈਕਟ ਸ਼ੁਰੂ ਕੀਤਾ ਹੈ। 

ਸ੍ਰੀ ਅਨੰਦਪੁਰ ਸਾਹਿਬ ਵਿੱਚ ਚੱਲ ਰਹੇ ਸੜਕੀ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਬੈਂਸ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ, ਬੱਸ ਸਟੈਂਡ ਤੋਂ ਭਗਤ ਰਵਿਦਾਸ ਚੌਂਕ ਤੱਕ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀਆਈਪੀ ਰੋਡ ਤੱਕ ਅਤੇ ਹੋਰ ਮਹੱਤਵਪੂਰਨ ਅੰਦਰੂਨੀ ਸੜਕਾਂ ਦਾ ਨਵੀਨੀਕਰਨ ਹੋ ਚੁੱਕਾ ਹੈ ਅਤੇ ਇਸ ਪਵਿੱਤਰ ਨਗਰੀ ਦੀਆਂ ਬਾਕੀ ਸੜਕਾਂ ਨੂੰ ਨਵਿਆਉਣ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪਹੁੰਚ ਮਾਰਗਾਂ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਲੱਖਾਂ ਸ਼ਰਧਾਲੂਆਂ ਵਾਸਤੇ ਸੁਚਾਰੂ ਪਹੁੰਚ ਨੂੰ ਯਕੀਨੀ ਬਣਾਉਣ ਲਈ ਯਾਦਗਾਰੀ ਸਮਾਰੋਹਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੁਨਿਆਦੀ ਢਾਂਚੇ ਦੇ ਸਾਰੇ ਵਿਕਾਸ ਪ੍ਰੋਜੈਕਟ ਮੁਕੰਮਲ ਕੀਤੇ ਜਾਣਗੇ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੜਕਾਂ ਦੇ ਨਵੀਨੀਕਰਨ ਕਾਰਜਾਂ ਵਿੱਚ ਰਾਤ ਦੇ ਸਫ਼ਰ ਅਤੇ ਧੁੰਦ ਦੌਰਾਨ ਵਿਜ਼ੀਬਿਲਟੀ ਨੂੰ ਵਧਾਉਣ ਲਈ ਐਡਵਾਂਸਡ ਬਲਿੰਕਰ ਰਿਫਲੈਕਟ ਲਾਈਟਾਂ ਅਤੇ ਪ੍ਰੀਮੀਅਮ ਪ੍ਰੀਮਿਕਸ ਕਾਰਪੇਟਿੰਗ ਦਾ ਕੰਮ ਸ਼ਾਮਲ ਹੈ ਤਾਂ ਜੋ ਸਮਾਗਮਾਂ ਵਿੱਚ ਆਉਣ ਵਾਲੀ ਸੰਗਤ ਲਈ ਵੱਧ ਤੋਂ ਵੱਧ ਸਹੂਲਤ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਦੌਰਾਨ ਸਿੱਖਿਆ ਮੰਤਰੀ ਨੇ 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ।

TAGS