ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਪਹੁੰਚਣਗੇ...ਜਿੱਥੇ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਨਗੇ । ਇਸ ਮੌਕੇ ਪ੍ਰਧਾਨ ਮੰਤਰੀ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕਰਨਗੇ । ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਲਈ 155 ਏਕੜ ਵਿਚ ਵੱਖ-ਵੱਖ ਪੰਡਾਲ ਬਣਾਏ ਗਏ ਹਨ। ਮੰਚ ਦੇ ਇਕ ਪਾਸੇ 350 ਬੱਚੀਆਂ ਕੀਰਤਨ ਕਰਨਗੀਆਂ ਜਦੋਂ ਕਿ ਦੂਜੇ ਪਾਸੇ PM ਮੋਦੀ ਤੇ ਹੋਰ ਨੇਤਾ ਬੈਠਣਗੇ । ਮੁੱਖ ਪੰਡਾਲ ਵਿਚ ਬੈਠਣ ਲਈ ਕੋਈ ਕੁਰਸੀ ਨਹੀਂ ਹੋਵੇਗੀ । ਮੰਚ ਤੋਂ ਕਰੀਬ ਢਾਈ ਫੁੱਟ ਉਪਰ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਰਹਿਣਗੇ।
ਮੁੱਖ ਪੰਡਾਲ ਨੇੜੇ ਹੀ ਗੁਰੂਆਂ ਤੇ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਧਰਮ ਤੇ ਸਮਾਜ ਲਈ ਕੀਤੇ ਗਏ ਕੰਮ ਨੂੰ ਦਿਖਾਇਆ ਜਾਵੇਗਾ।
ਇਸਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਕੁਰੂਕਸ਼ੇਤਰ ਵਿੱਚ ਭਗਵਾਨ ਕ੍ਰਿਸ਼ਨ ਦੇ ਪਵਿੱਤਰ ਸ਼ੰਖ ਨੂੰ ਸਮਰਪਿਤ 'ਪੰਚਜਨਿਆ' ਦਾ ਉਦਘਾਟਨ ਕਰਨਗੇ । ਬਾਅਦ ਪ੍ਰਧਾਨ ਮੰਤਰੀ ਇੰਟਰਨੈਸ਼ਨਲ ਗੀਤਾ ਜਯੰਤੀ ਮਹਾਉਤਸਵ ਵਿੱਚ ਸ਼ਾਮਲ ਹੋਣਗੇ ਤੇ ਬ੍ਰਹਮਸਰੋਵਰ ‘ਤੇ ਸ਼ਾਮ ਦੀ ਆਰਤੀ ਵਿਚ ਹਿੱਸਾ ਲੈਣਗੇ ।