Trending:
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਪ੍ਰਭਾਵਸ਼ਾਲੀ ਡਰੋਨ ਸ਼ੋਅ ਨਾਲ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਅਸਮਾਨ ਰੁਸ਼ਨਾ ਉੱਠਿਆ। ਇਹ ਵਿਲੱਖਣ ਹਵਾਈ ਸ਼ੋਅ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਖ਼ਾਤਰ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਲਾਸਾਨੀ ਸ਼ਹਾਦਤ ਪ੍ਰਤੀ ਡੂੰਘੀ ਸ਼ਰਧਾਂਜਲੀ ਸੀ।
ਇਸ ਡਰੋਨ ਪ੍ਰਦਰਸ਼ਨੀ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਾਂ ਪੂਰੇ ਦ੍ਰਿਸ਼ਾਂ ਨੂੰ ਸ਼ਰਧਾ ਅਤੇ ਬਾਰੀਕੀ ਨਾਲ ਦਰਸਾਉਂਦਿਆਂ ਰੌਸ਼ਨੀ ਅਤੇ ਗਤੀ ਦੇ ਵਿਲੱਖਣ ਕ੍ਰਮ ਜ਼ਰੀਏ ਇਤਿਹਾਸਕ ਬਿਰਤਾਂਤ ਨੂੰ ਪੇਸ਼ ਕੀਤਾ। ਇਸ ਸ਼ੋਅ ਦੀ ਸ਼ੁਰੂਆਤ ਮੁਗਲ ਸ਼ਾਸਕ ਔਰੰਗਜ਼ੇਬ ਦੇ ਜ਼ਾਲਮ ਸ਼ਾਸ਼ਨ ਦੇ ਦ੍ਰਿਸ਼ਟਾਂਤ ਨਾਲ ਹੋਈ,ਜਿਸ ਵੱਲੋਂ ਸਭ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨ ਦੀ ਇੱਛਾ ਕਾਰਨ ਜਜ਼ੀਆ ਲਗਾਉਣ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਸਮੇਤ ਵੱਡੇ ਪੱਧਰ ‘ਤੇ ਅਨੇਕਾਂ ਅੱਤਿਆਚਾਰ ਕੀਤੇ ਗਏ। ਆਪਣੇ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਕਸ਼ਮੀਰੀ ਪੰਡਿਤਾਂ ਦੀ ਦੁਰਦਸ਼ਾ ਨੂੰ ਠੋਸ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਆਡਿਓ ਰਾਹੀਂ "ਜੋ ਸਰਣ ਆਵੈ ਤਿਸੁ ਕੰਠ ਲਾਵੈ ਦੇ ਸਿਧਾਂਤ ਪ੍ਰਤੀ ਗੁਰੂ ਸਾਹਿਬ ਦੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕੀਤਾ।"



ਇਸ ਡਰੋਨ ਸ਼ੋਅ ਵਿੱਚ ਅੱਗੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਤਸੀਹੇ ਦੇ ਕੇ ਗੁਰੂ ਦੇ ਪੈਰੋਕਾਰਾਂ ਨੂੰ ਸ਼ਹੀਦ ਕਰਨ ਦੇ ਬਿਰਤਾਂਤ ਨੂੰ ਪੇਸ਼ ਕੀਤਾ ਗਿਆ। ਭਾਈ ਮਤੀ ਦਾਸ ਜੀ ਨੂੰ ਜਿਊਂਦੇ ਜੀਅ ਆਰੇ ਨਾਲ ਸ਼ਹੀਦ ਕੀਤੇ ਜਾਣ ਦੇ ਦ੍ਰਿਸ਼ ਨੂੰ ਡਰੋਨ ਦੇ ਨਾਲ-ਨਾਲ ਦਿਲ ਨੂੰ ਟੁੰਬ ਦੇਣ ਵਾਲੀ ਆਡੀਓ ਨਾਲ ਜੀਵਤ ਕਰ ਦਿੱਤਾ। ਇਸੇ ਤਰ੍ਹਾਂ ਡਰੋਨਾਂ ਰਾਹੀਂ ਭਾਈ ਦਿਆਲਾ ਜੀ ਦੇ ਜ਼ਿੰਦਾ ਉਬਾਲਣ ਦੇ ਅਦੁੱਤੀ ਬਲਿਦਾਨ ਨੂੰ ਪੇਸ਼ ਕੀਤਾ ਗਿਆ। ਭਾਈ ਸਤੀ ਦਾਸ ਜੀ ਜਿਹਨਾਂ ਨੂੰ ਰੂੰ ਵਿੱਚ ਲਪੇਟ ਕੇ ਜਿੰਦਾ ਸਾੜ ਦਿੱਤਾ ਗਿਆ ਸੀ,ਦੀ ਸ਼ਹਾਦਤ ਨੂੰ ਵੀ ਪੂਰੀ ਸ਼ਰਧਾ ਨਾਲ ਪੇਸ਼ ਕੀਤਾ ਗਿਆ। ਸ਼ੋਅ ਦੇ ਅੰਤ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਗੰਭੀਰ ਚਿੱਤਰਣ ਕੀਤਾ ਗਿਆ। ਡਰੋਨਾਂ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਆਪਣੇ ਸਿਧਾਂਤਾਂ ਨੂੰ ਤਿਆਗਣ ਤੋਂ ਇਨਕਾਰ ਕਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾ ਅਤੇ ਗੰਭੀਰਤਾ ਨਾਲ ਪੇਸ਼ ਕੀਤਾ ਗਿਆ ਅਤੇ ਆਡੀਓ ਰਾਹੀਂ ਜਲਾਦ ਵੱਲੋਂ ਗੁਰੂ ਸਾਹਿਬ ਦੇ ਪਵਿੱਤਰ ਸੀਸ ਨੂੰ ਧੜ ਤੋਂ ਵੱਖ ਕਰਨ ਤੋਂ ਪਹਿਲਾਂ ਦੇ ਆਖਰੀ ਪਲਾਂ ਦਾ ਵਰਣਨ ਕੀਤਾ ਗਿਆ।
ਇਹ ਸ਼ੋਅ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਦੁਆਰਾ ਸਾਹਸ ਪੂਰਵਕ ਸ੍ਰੀ ਅਨੰਦਪੁਰ ਸਾਹਿਬ ਲਿਆਂਦੇ ਜਾਣ ਅਤੇ ਗੁਰੂ ਸਾਹਿਬ ਦੇ ਅੰਤਿਮ ਸੰਸਕਾਰਾਂ ਦੀ ਸ਼ਰਧਾ ਅਤੇ ਉਦਾਸੀ ਭਰੀ ਪੇਸ਼ਕਾਰੀ ਨਾਲ ਸਮਾਪਤ ਹੋਇਆ,ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਅਤੇ ਪੂਰੀ ਦੁਨੀਆ ਨੂੰ ਨੌਵੇਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਜੀਵਨ,ਦਰਸ਼ਨ ਅਤੇ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਇਆ ਜਾਵੇ ਅਤੇ ਵਿਸ਼ਵ ਇਤਿਹਾਸ ਵਿੱਚ ਧਾਰਮਿਕ ਆਜ਼ਾਦੀ ਦੇ ਸਭ ਤੋਂ ਵੱਡੇ ਰਾਖਿਆਂ ਵਜੋਂ ਉਨ੍ਹਾਂ ਦੀ ਵਿਰਾਸਤ ਨੂੰ ਉਜਾਗਰ ਕੀਤਾ ਜਾਵੇ।