ਪੰਜਾਬ ਵਿੱਚ ਧੁੰਦ ਤੇ ਕੋਹਰੇ ਦਾ ਅਸਰ ਦਿਸਣਾ ਸ਼ੁਰੂ ਹੋ ਚੁੱਕਿਆ ਹੈ। ਇਸ ਨਾਲ ਜਿੱਥੇ ਘੱਟ ਵਿਜ਼ੀਬਿਲਟੀ ਕਾਰਨ ਸੜਕਾਂ 'ਤੇ ਆਮ ਵਾਹਨਾਂ ਦੀ ਆਵਾਜਾਈ ਦੀ ਰਫ਼ਤਾਰ ਘੱਟ ਰਹੀ ਹੈ ਅਤੇ Flights ਅਤੇ ਰੇਲਗੱਡੀਆਂ ਵੀ ਪ੍ਰਭਾਵਿਤ ਹੋਣ ਲੱਗ ਪਈਆਂ ਹਨ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਸੰਘਣੇ ਕੋਹਰੇ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਮੁਕਤਸਰ ਵਿਚ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਅੱਜ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ।
ਧੁੰਦ ਤੇ ਕੋਹਰੇ ਕਾਰਨ ਘਟੀ ਵਿਜ਼ੀਬਿਲਟੀ ਦੀ ਵਜ੍ਹਾ ਨਾਲ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ 'ਤੇ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਉਡਾਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਏਅਰਪੋਰਟ ਤੋਂ 6 Flights ਰੱਦ ਹੋਈਆਂ ਜਦਕਿ 3 Flights ਤੈਅ ਸਮੇਂ ਤੋਂ 30 ਤੋਂ 40 ਮਿੰਟ ਦੇਰੀ ਨਾਲ ਪਹੁੰਚੀਆਂ ਹਨ। ਦੂਜੇ ਪਾਸੇ ਵੰਦੇ ਭਾਰਤ ਤੋਂ ਬਾਅਦ ਸ਼ਹਿਰ ਦੀ ਸਭ ਤੋਂ ਤੇਜ਼ ਟਰੇਨ ਸ਼ਤਾਬਦੀ ਤੈਅ ਸਮੇਂ ਤੋਂ ਕਰੀਬ 2.30 ਵਜੇ ਕਰੀਬ ਸਾਢੇ ਤਿੰਨ ਘੰਟੇ ਦੀ ਦੇਰੀ ਨਾਲ ਰੇਲਵੇ ਸਟੇਸ਼ਨ 'ਤੇ ਪਹੁੰਚੀ।
ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ 48 ਘੰਟਿਆਂ ਵਿਚ ਰਾਤ ਦੇ ਤਾਪਮਾਨ ਵਿਚ ਲਗਭਗ 2 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਹਾਲਾਂਕਿ, ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿਚ ਤਾਪਮਾਨ ਹੌਲੀ-ਹੌਲੀ 2 ਤੋਂ 3 ਡਿਗਰੀ ਤੱਕ ਵਧੇਗਾ।