Trending:
ਫਰੀਦਕੋਟ:- CIA ਸਟਾਫ਼ ਫਰੀਦਕੋਟ ਵੱਲੋਂ ਇੱਕ ਡਰੱਗ ਨੈਟਵਰਕ ਵਿੱਚ ਸ਼ਾਮਲ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ 530 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ ਆਰੋਪੀ ਦੀ ਪਹਿਚਾਣ ਅਰਚਿੱਤ ਚਪਰਾਣਾ ਵਜੋ ਹੋਈ ਹੈ,ਜੋ ਕਿ ਉੱਤਰ ਪ੍ਰਦੇਸ਼ ਸੂਬੇ ਦੇ ਮੇਰਠ ਜਿਲ੍ਹੇ ਦੇ ਭਗਵਾਨਪੁਰ ਭਾਗਰ ਇਲਾਕੇ ਦਾ ਹੈ। ਪੁਲਿਸ ਟੀਮਾਂ ਵੱਲੋਂ ਆਰੋਪੀ ਪਾਸੋ 530 ਗ੍ਰਾਮ ਆਈਸ ਡਰੱਗ ਸਮੇਤ ਇੱਕ ਮੋਬਾਇਲ ਵੀ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ SP ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ 17 ਦਸੰਬਰ ਨੂੰ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ CIA ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਪੁਲਿਸ ਪਾਰਟੀ ਸਮੇਤ ਏਰੀਆ ਵਿੱਚ ਗਸ਼ਤ ਕਰ ਰਹੇ ਸੀ, ਜਿਸ ਦੌਰਾਨ ਕੋਠੇ ਡੋਡ ਵਾਲੇ ਰਸਤੇ ਦੇ ਮੋੜ ਉੱਤੇ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਉੱਤੇ ਉਸ ਨੂੰ ਕਾਬੂ ਕਰ ਲਿਆ। ਜਿਸ ਦੀ ਤਲਾਸ਼ੀ ਲਈ ਤਰਲੋਚਨ ਸਿੰਘ ਡੀ.ਐਸ.ਪੀ, ਫਰੀਦਕੋਟ ਮੌਕਾ ਉੱਤੇ ਪਹੁੰਚੇ। ਜਿਹਨਾਂ ਦੀ ਹਾਜ਼ਰੀ ਵਿੱਚ ਪੁਲਿਸ ਪਾਰਟੀ ਵੱਲੋਂ ਤਲਾਸ਼ੀ ਕਰਨ ਉੱਤੇ ਆਰੋਪੀ ਦੀ ਕਿੱਟ ਵਿਚੋਂ 530 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਆਰੋਪੀ ਇਹ ਨਸ਼ੇ ਦੀ ਖੇਪ ਨੂੰ ਅੱਗੇ ਸਪਲਾਈ ਕਰਨ ਲਈ ਜਾ ਰਿਹਾ ਸੀ, ਜਿਸ ਨੂੰ ਕਿ ਫਰੀਦਕੋਟ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਆਰੋਪੀ ਦੇ ਨੈੱਟਵਰਕ, ਸਾਥੀਆਂ ਅਤੇ ਸਪਲਾਈ ਲਿੰਕ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ੇ ਦੇ ਇਸ ਗਿਰੋਹ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੇ ਖਿਲਾਫ਼ ਪਹਿਲਾ ਵੀ ਕਈ ਸੰਗੀਨ ਧਾਰਾਵਾਂ ਤਹਿਤ ਉੱਤਰ ਪ੍ਰਦੇਸ ਦੇ ਵੱਖ-ਵੱਖ ਥਾਣਿਆਂ ਅੰਦਰ ਕੁੱਲ 09 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਆਰੋਪੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਆਰੋਪੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ।