ਫਰੀਦਕੋਟ:- ਫਰੀਦਕੋਟ ਦੇ ਨਗਰ ਕੌਂਸਲ ਅਧੀਨ ਕੰਮ ਕਰ ਰਹੇ ਪੱਕੇ ਅਤੇ ਕੱਚੇ ਸਫਾਈ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਲਗਾ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ। ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਮਹੀਨੇ ਤਨਖਾਹ ਸਮੇਂ ਸਿਰ ਨਾ ਮਿਲਣ ਦੇ ਰੋਸ ਵਜੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਆਪਣਾ ਗੁੱਸਾ ਜਾਹਿਰ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਹਰ ਮਹੀਨੇ ਸਾਨੂੰ ਤਨਖਾਹ ਲੈਣ ਲਈ ਹੜਤਾਲ ਜਾਂ ਧਰਨਾ ਲਗਾਉਣਾ ਪੈਂਦਾ ਹੈ। ਪਰ ਪੰਜਾਬ ਸਰਕਾਰ ਕਦੀ ਵੀ ਸਫਾਈ ਕਰਮਚਾਰੀਆਂ ਦੀ ਤਨਖਾਹ ਦਾ ਪੱਕਾ ਪ੍ਰਬੰਧ ਨਹੀਂ ਕਰਦੀ ਤਾਂ ਜੋ ਸਾਨੂੰ ਸਮੇਂ ਸਿਰ ਤਨਖਾਹ ਮਿਲੇ।
ਸਫਾਈ ਕਰਮਚਾਰੀਆਂ ਨੇ ਕਿਹਾ ਕਿ ਸਾਡੇ ਪਰਿਵਾਰਾਂ ਦੇ ਗੁਜ਼ਾਰੇ ਇਸੇ ਤਨਖਾਹ ਦੇ ਸਿਰ ਉੱਤੇ ਚੱਲਦੇ ਹਨ, ਪਰ ਤਨਖਾਹ ਨਾਲ ਮਿਲਣ ਕਰਕੇ ਸਾਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦੀਆਂ ਫੀਸਾਂ ਅਤੇ ਸਰਦ ਰੁੱਤ ਦੇ ਕੱਪੜੇ ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹਨਾਂ ਕਿਹਾ ਅਸੀਂ ਲਗਾਤਾਰ ਹੀ ਪ੍ਰਸ਼ਾਸਨ ਦੀ ਮੰਗ ਕਰਦੇ ਰਹਿੰਦੇ ਹਾਂ ਕਿ ਸਾਡੀ ਤਨਖਾਹ ਹਰ ਮਹੀਨ ਸਮੇਂ ਅਨੁਸਾਰ ਸਾਡੇ ਖਾਤਿਆਂ ਵਿੱਚ ਪਾਈ ਜਾਵੇ ਤਾਂ ਜੋ ਅਸੀਂ ਆਪਣੀ ਪਰਿਵਾਰ ਦਾ ਪਾਲਣ-ਪੋਸ਼ਣ ਵਧੀਆਂ ਤਰੀਕੇ ਨਾਲ ਕਰ ਸਕੀਏ। ਉਹਨਾਂ ਕਿਹਾ ਸਾਡੀ ਹੋਰ ਵੀ ਕਈ ਮੰਗਾਂ ਹਨ, ਪਰ ਤਨਖਾਹ ਦਾ ਹੱਲ ਸਾਡਾ ਪਹਿਲ ਦੇ ਆਧਾਰ ਉੱਤੇ ਕੀਤਾ ਜਾਵੇ।
ਉਹਨਾਂ ਕਿਹਾ ਕਿ ਕੱਲ੍ਹ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਸਮੇਂ ਅਸੀਂ ਹੜਤਾਲ ਕੀਤੀ ਸੀ, ਪਰ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 12 ਵਜੇ ਦੇ ਕਰੀਬ ਉਹਨਾਂ ਦੀ ਤਨਖਾਹ ਖਾਤੇ ਵਿੱਚ ਪੈ ਜਾਏਗੀ, ਪਰ ਦੂਸਰਾ ਦਿਨ ਲੰਘਣ ਦੇ ਬਾਵਜੂਦ ਵੀ ਉਹਨਾਂ ਨੂੰ ਤਨਖਾਹ ਹਾਲੇ ਤੱਕ ਨਹੀਂ ਮਿਲੀ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਸਾਡੀ ਤਨਖਾਹ ਨਹੀਂ ਮਿਲਦੀ ਤਾਂ ਅਸੀਂ ਪੱਕੇ ਤੌਰ ਉੱਤੇ ਆਪਣੀ ਹੜਤਾਲ ਸ਼ੁਰੂ ਕਰਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਾਂਗੇ, ਜਿਹੜੀ ਸਾਡੀ ਹੜਤਾਲ ਪੰਜਾਬ ਪੱਧਰ ਉੱਤੇ ਹੋਵੇਗੀ।