Sunday, 11th of January 2026

ਖੰਨਾ 'ਚ ਐਨਕਾਊਂਟਰ... ਮੁਲਜ਼ਮ ਦੀ ਲੱਤ 'ਚ ਲੱਗੀ ਗੋਲ਼ੀ

Reported by: Sukhwinder Sandhu  |  Edited by: Jitendra Baghel  |  December 28th 2025 11:09 AM  |  Updated: December 28th 2025 11:09 AM
ਖੰਨਾ 'ਚ ਐਨਕਾਊਂਟਰ... ਮੁਲਜ਼ਮ ਦੀ ਲੱਤ 'ਚ ਲੱਗੀ ਗੋਲ਼ੀ

ਖੰਨਾ 'ਚ ਐਨਕਾਊਂਟਰ... ਮੁਲਜ਼ਮ ਦੀ ਲੱਤ 'ਚ ਲੱਗੀ ਗੋਲ਼ੀ

ਖੰਨਾ ਦੇ ਦੋਰਾਹਾ ਇਲਾਕੇ ਵਿੱਚ ਪੁਲਿਸ ਅਤੇ ਅਪਰਾਧੀਆਂ ਦਰਮਿਆਨ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਮਾਰ ਕੇ ਉਸਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਇੰਦਰਜੀਤ ਸਿੰਘ ਬੂਈ ਵਜੋਂ ਹੋਈ ਹੈ। ਜ਼ਖ਼ਮੀ ਦੋਸ਼ੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਾਇਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ 24 ਦਸੰਬਰ ਦੀ ਰਾਤ ਨੂੰ ਦੋਰਾਹਾ ਦੇ ਪਿੰਡ ਰਾਜਗੜ੍ਹ ਵਿੱਚ ਪੰਚਾਇਤ ਮੈਂਬਰ ਮਨਪ੍ਰੀਤ ਸਿੰਘ ਗੋਲਡੀ ਉੱਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਦੌਰਾਨ ਕਰੀਬ ਅੱਠ ਰਾਊਂਡ ਫਾਇਰ ਹੋਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਇੰਦਰਜੀਤ ਸਿੰਘ ਬੁਈ ਅਤੇ ਉਸਦੇ ਸਾਥੀਆਂ ਖ਼ਿਲਾਫ਼ ਆਈਪੀਸੀ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਪੁਲਿਸ ਨੂੰ ਅੱਜ ਰਾਤ ਸੂਚਨਾ ਮਿਲੀ ਕਿ ਇੰਦਰਜੀਤ ਸਿੰਘ ਬੁਈ ਆਪਣੇ ਦੋ ਸਾਥੀਆਂ ਸਮੇਤ ਦੋਰਾਹਾ ਵਿੱਚ ਕੇਐਫਸੀ ਦੇ ਪਿੱਛੇ ਸਥਿਤ ਇੱਕ ਸੁੰਨਸਾਨ ਕਲੋਨੀ ਵਿੱਚ ਲੁਕਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਇਲਾਕੇ ਨੂੰ ਘੇਰ ਲਿਆ। ਪੁਲਿਸ ਗੱਡੀਆਂ ਦੇਖ ਕੇ ਦੋਸ਼ੀਆਂ ਨੇ ਇੱਕ ਘਰ ਦੀ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਰਾਹਾ ਥਾਣੇ ਦੇ ਐਸਐਚਓ ਆਕਾਸ਼ ਦੱਤ ਆਪਣੀ ਟੀਮ ਨਾਲ ਅੱਗੇ ਮੌਜੂਦ ਸਨ। ਪੁਲਿਸ ਨੂੰ ਦੇਖ ਕੇ ਦੋਸ਼ੀ ਇੰਦਰਜੀਤ ਸਿੰਘ ਬੁਈ ਨੇ ਆਪਣੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ  ਉਪਰ ਲੱਗੀਆਂ। ਸਵੈ-ਰੱਖਿਆ ਵਿੱਚ ਪੁਲਿਸ ਨੇ ਜਵਾਬੀ ਫਾਇਰਿੰਗ ਕਰਦਿਆਂ ਦੋਸ਼ੀ ਦੀ ਲੱਤ ਵਿੱਚ ਗੋਲੀ ਮਾਰੀ ਅਤੇ ਉਸਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

ਮੌਕੇ ’ਤੇ ਪਹੁੰਚੇ ਐਸਐਸਪੀ ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇੰਦਰਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ। ਉਸ ਉੱਤੇ ਇਰਾਦਾ ਕਤਲ, ਡਕੈਤੀ ਅਤੇ ਗੋਲੀਬਾਰੀ ਵਰਗੇ ਦੋਸ਼ ਹਨ ਅਤੇ ਪੁਲਿਸ ਨੂੰ ਉਹ ਚਾਰ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਸੀ। ਐਸਐਸਪੀ ਨੇ ਕਿਹਾ ਕਿ ਮਾਮਲੇ ਵਿੱਚ ਦੋ ਹੋਰ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।