Wednesday, 14th of January 2026

DJ ਦੀ ਆਵਾਜ਼ ਤੋਂ ਹੋਇਆ ਖੂਨੀ ਟਕਰਾਅ, ਨੌਜਵਾਨ ਦੀ ਮੌਤ

Reported by: Sukhwinder Sandhu  |  Edited by: Jitendra Baghel  |  December 15th 2025 05:42 PM  |  Updated: December 15th 2025 05:42 PM
DJ ਦੀ ਆਵਾਜ਼ ਤੋਂ ਹੋਇਆ ਖੂਨੀ ਟਕਰਾਅ, ਨੌਜਵਾਨ ਦੀ ਮੌਤ

DJ ਦੀ ਆਵਾਜ਼ ਤੋਂ ਹੋਇਆ ਖੂਨੀ ਟਕਰਾਅ, ਨੌਜਵਾਨ ਦੀ ਮੌਤ

ਹਲਕਾ ਮਜੀਠਾ ਦੇ ਪਿੰਡ ਕਾਲੋਵਾਲੀ ਵਿੱਚ ਡੀਜੇ ਵਜਾਉਣ ਨੂੰ ਲੈ ਕੇ ਹੋਏ ਝਗੜੇ ਨੇ ਖੂਨੀ ਰੂਪ ਧਾਰ ਲਿਆ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਵਿੱਚ ਇੱਕ ਬੱਚੇ ਦੇ ਜਨਮ ਦਿਨ ਮੌਕੇ ਗਲੀ ਵਿੱਚ ਡੀਜੇ ਲਗਾਇਆ ਗਿਆ ਸੀ। ਡੀਜੇ ਦੀ ਉੱਚੀ ਆਵਾਜ਼ ਅਤੇ ਰਾਹਗੀਰਾਂ ਦੀ ਆਵਾਜਾਈ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਈ, ਜੋ ਹੌਲੀ-ਹੌਲੀ ਵਧ ਕੇ ਭਿਆਨਕ ਲੜਾਈ ਵਿੱਚ ਤਬਦੀਲ ਹੋ ਗਈ।

ਜਾਣਕਾਰੀ ਅਨੁਸਾਰ ਪਹਿਲਾਂ ਮਾਮਲਾ ਸਿਰਫ਼ ਤਕਰਾਰ ਤੱਕ ਸੀਮਿਤ ਸੀ ਪਰ ਬਾਅਦ ਵਿੱਚ ਦੋਵੇਂ ਪਾਸਿਆਂ ਵੱਲੋਂ ਦਾਤਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਇੱਕ ਨੌਜਵਾਨ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਹਾਲਤ ਨਾਜ਼ੁਕ ਹੋ ਗਈ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਦੋਸਤ ਗੁਰਮੀਤ ਸਿੰਘ ਨੇ ਦੱਸਿਆ ਕਿ ਝਗੜਾ ਡੀਜੇ ਵਾਲੀ ਥਾਂ ਤੋਂ ਸ਼ੁਰੂ ਹੋਇਆ ਅਤੇ ਨੌਜਵਾਨ ਜਾਨ ਬਚਾਉਂਦਾ ਹੋਇਆ ਗੁਰਦੁਆਰਾ ਸਾਹਿਬ ਦੇ ਨੇੜੇ ਤੱਕ ਆ ਗਿਆ। ਉੱਥੇ ਵੀ ਹਮਲਾਵਰਾਂ ਨੇ ਉਸਨੂੰ ਨਹੀਂ ਛੱਡਿਆ ਅਤੇ ਦਾਤਰਾਂ ਨਾਲ ਬੇਰਹਿਮੀ ਨਾਲ ਵਾਰ ਕੀਤੇ। ਗਵਾਹਾਂ ਮੁਤਾਬਕ, ਮੌਕੇ ‘ਤੇ ਚੀਖਾਂ-ਚਿਲ੍ਹਾਹਟ ਅਤੇ ਬਚਾਓ-ਬਚਾਓ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਕੁਝ ਆਡੀਓ ਰਿਕਾਰਡਿੰਗਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਹਮਲਾ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਕੁਆਰਾ ਸੀ ਅਤੇ ਆਪਣੇ ਘਰ ਦਾ ਸਹਾਰਾ ਸੀ। ਉਨ੍ਹਾਂ ਨੇ ਪੁਲਿਸ ‘ਤੇ ਦਬਾਅ ਪਾਉਂਦੇ ਹੋਏ ਦੋਸ਼ ਲਗਾਇਆ ਕਿ ਜੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਥਾਣੇ ਅੱਗੇ ਧਰਨਾ ਦੇਣਗੇ ਅਤੇ ਲਾਸ਼ ਰੱਖ ਕੇ ਪ੍ਰਦਰਸ਼ਨ ਕਰਨਗੇ।  ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਝਗੜੇ ਵਿੱਚ ਸ਼ਾਮਲ ਧਿਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਅਨੁਸਾਰ, ਘਟਨਾ ਵਿੱਚ ਸ਼ਾਮਲ ਕੁਝ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ, ਜਦਕਿ ਅਣਪਛਾਤਿਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

TAGS

Latest News