ਦੋਰਾਹਾ- ਪਰਿਵਾਰਕ ਕਲੇਸ਼ ਅਤੇ ਪਤੀ ਦੇ ਕਥਿਤ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਖੰਨਾ ਦੀ ਇਕ ਮਹਿਲਾ ਨੇ ਦੋਰਾਹਾ ਤੋਂ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਦੋਰਾਹਾ ਪੁਲਿਸ ਨੇ ਸਵੇਰੇ ਜੋੜੇਪੁਲ ਨੇੜੇ ਤੋਂ ਮਹਿਲਾ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕਾ ਦੇ ਭਰਾ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਉਸ ਦੇ ਪਤੀ ਅਤੇ ਲੁਧਿਆਣਾ ਦੀ ਇੱਕ ਮਹਿਲਾ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਜਿਸ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਮਾ ਨੇ ਆਪਣੇ ਪਤੀ ਨੂੰ ਠਹਿਰਾਇਆ ਦੋਸ਼ੀ
ਮਿਲੀ ਜਾਣਕਾਰੀ ਅਨੁਸਾਰ ਸੀਮਾ ਰਾਣੀ ਨਿਵਾਸੀ ਕ੍ਰਿਸ਼ਨਾ ਨਗਰ ਖੰਨਾ ਨੇ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਇਕ ਆਡੀਓ ਸੁਨੇਹਾ ਰਿਕਾਰਡ ਕੀਤਾ ਸੀ। ਇਸ ਰਿਕਾਰਡਿੰਗ ਵਿਚ ਉਸ ਨੇ ਆਪਣੇ ਪਤੀ ਜਲਵਿੰਦਰ ਸਿੰਘ ਅਤੇ ਲੁਧਿਆਣਾ ਦੀ ਇੱਕ ਮਹਿਲਾ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕਾ ਦੇ ਭਰਾ ਸੋਨੂੰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸ ਦੇ ਜੀਜਾ ਦੇ ਲੁਧਿਆਣਾ ਦੀ ਇੱਕ ਮਹਿਲਾ ਨਾਲ ਲੰਮੇ ਸਮੇਂ ਤੋਂ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਦੀ ਭੈਣ ਦੇ ਘਰ ਵਿੱਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪਰਿਵਾਰ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਸੋਨੂੰ ਅਨੁਸਾਰ ਜਲਵਿੰਦਰ ਨੇ ਕਈ ਵਾਰ ਆਪਣਾ ਆਪ ਨੂੰ ਬਦਲਣ ਦਾ ਭਰੋਸਾ ਵੀ ਦਿੱਤਾ, ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ, ਜਿਸ ਕਾਰਨ ਸੀਮਾ ਰਾਨੀ ਲੰਮੇ ਸਮੇਂ ਤੋਂ ਪ੍ਰੇਸ਼ਾਨ ਸੀ।
'ਨਹਿਰ ਵਿੱਚ ਛਾਲ ਮਾਰ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ'
ਜਾਣਕਾਰੀ ਅਨੁਸਾਰ, ਘਟਨਾ ਤੋਂ ਕੁਝ ਘੰਟੇ ਪਹਿਲਾਂ ਸੀਮਾ ਰਾਨੀ ਅਤੇ ਉਸਦਾ ਪਤੀ ਇੱਕ ਹੋਟਲ ਵਿਚ ਖਾਣਾ ਖਾਣ ਗਏ ਸਨ, ਜਿੱਥੇ ਦੋਵਾਂ ਵਿੱਚ ਮੁੜ ਵਿਵਾਦ ਹੋ ਗਿਆ। ਜਿਸ ਤੋਂ ਨਾਰਾਜ਼ ਸੀਮਾ ਰਾਨੀ ਹੋਟਲ ਤੋਂ ਨਿਕਲ ਕੇ ਸਿੱਧੀ ਇਕ ਆਟੋ ਵਿੱਚ ਬੈਠੀ ਅਤੇ ਦੋਰਾਹਾ ਨਹਿਰ ਵੱਲ ਚਲੀ ਗਈ। ਨਹਿਰ ਤੇ ਪਹੁੰਚਦੇ ਹੀ ਉਸਨੇ ਬਿਨਾਂ ਕਿਸੇ ਨੂੰ ਕੁਝ ਦੱਸੇ ਉਸ ਵਿੱਚ ਛਾਲ ਮਾਰ ਦਿੱਤੀ। ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਰਾਤ ਭਰ ਤਲਾਸ਼ੀ ਮੁਹਿੰਮ ਚਲਾਈ ਗਈ। ਬੁੱਧਵਾਰ ਸਵੇਰੇ ਦੋਰਾਹਾ ਪੁਲਿਸ ਨੇ ਜੋੜੇਪੁਲ ਨੇੜੇ ਤੋਂ ਲਾਸ਼ ਬਰਾਮਦ ਕਰ ਲਈ।
'ਆਡੀਓ ਕਲਿੱਪ ਦੀ ਜਾਂਚ ਜਾਰੀ'
ਦੋਰਾਹਾ ਪੁਲਿਸ ਨੇ ਮ੍ਰਿਤਕਾ ਵੱਲੋਂ ਰਿਕਾਰਡ ਕੀਤਾ ਆਡੀਓ ਸੁਨੇਹਾ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਦੋਰਾਹਾ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਆਕਾਸ਼ ਦੱਤ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਰਿਵਾਰਕ ਵਿਵਾਦ ਅਤੇ ਗੈਰ-ਕਾਨੂੰਨੀ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਭਰਾ ਦੇ ਬਿਆਨ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਆਡੀਓ ਕਲਿੱਪ ਦੀ ਜਾਂਚ ਕਰਵਾਈ ਜਾਵੇਗੀ। ਜਾਂਚ ਪੂਰੀ ਹੋਣ 'ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।