ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਜਾਰੀ ਹੈ ਇਸ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਾਕਿਸਤਾਨ ਅਧਾਰਤ ਹੈਂਡਲਰਾਂ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਡਰੱਗ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ 'ਚ 7 ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿਲੋ 750 ਗ੍ਰਾਮ ਹੈਰੋਇਨ, 1 ਕਿਲੋ ਆਇਸ ਡਰੱਗ ਅਤੇ ਇੱਕ 9 ਐਮਐੱਮ ਗਲੌਕ ਪਿਸਤੌਲ ਜ਼ਬਤ ਕੀਤੀ ਹੈ।
ਸੋਸ਼ਲ ਮੀਡੀਆ ਰਾਹੀਂ ਵੰਡਿਆ ਜਾ ਰਿਹਾ ਸੀ ਨਸ਼ਾ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪ੍ਰਾਰੰਭਿਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਸ਼ੀਲੇ ਪਦਾਰਥ ਪਾਕਿ ਤੋਂ ਤਸਕਰੀ ਰਾਹੀਂ ਭਾਰਤ ਲਿਆਂਦੇ ਜਾਂਦੇ ਸਨ। ਇਨ੍ਹਾਂ ਨੂੰ ਪੰਜਾਬ 'ਚ ਸੋਸ਼ਲ ਮੀਡੀਆ ਰਾਹੀਂ ਨਿਰਦੇਸ਼ਿਤ ਸਥਾਨਕ ਮੋਡੀਊਲਾਂ ਦੇ ਜ਼ਰੀਏ ਵੰਡਿਆ ਜਾ ਰਿਹਾ ਸੀ।

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਪਹਿਲਾਂ ਨਸ਼ੇ ਦੇ ਪਰਚੇ ਦਰਜ
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਰੂਰਲ ਦੇ ਦੋ ਅਤੇ ਗੁਰਦਾਸਪੁਰ ਦੇ ਦੋ ਸਰਹੱਦੀ ਖੇਤਰ ਅਜਿਹੇ ਸਨ, ਜਿੱਥੋਂ ਇਹ ਤਸਕਰ ਸਮਾਨ ਮੰਗਵਾਉਂਦੇ ਰਹੇ। ਪਹਿਲਾਂ ਜਸਬੀਰ ਅਤੇ ਜਸਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਨਮੋਲ, ਹਰਪਿੰਦਰ ਅਤੇ ਤਰੁਣ ਨੂੰ ਗ੍ਰਿਫਤਾਰ ਕੀਤਾ। ਫਿਰ ਦਵਿੰਦਰ ਅਤੇ ਮਨਦੀਪ ਦੀ ਗ੍ਰਿਫ਼ਤਾਰੀ ਨਾਲ 1 ਕਿਲੋ ਆਇਸ ਡਰੱਗ ਵੀ ਬਰਾਮਦ ਹੋਈ। ਪੁਲਿਸ ਅਨੁਸਾਰ ਜਸਬੀਰ ਅਤੇ ਹੋਰ ਕਈ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਨਾਲ ਸਬੰਧਿਤ ਮਾਮਲੇ ਦਰਜ ਹਨ।
ਕਮਿਸ਼ਨਰ ਭੁੱਲਰ ਨੇ ਹੋਰ ਖੁਲਾਸਾ ਕਰਦੇ ਹੋਏ ਕਿਹਾ ਕਿ ਗ੍ਰਿਫ਼ਤਾਰ ਨੌਜਵਾਨਾਂ 'ਚੋਂ ਇੱਕ ਲਗਭਗ ਡੇਢ ਸਾਲ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ, ਜਿੱਥੇ ਉਸਦੇ ਪਾਕਿ ਤਸਕਰਾਂ ਨਾਲ ਸੰਪਰਕ ਬਣੇ। ਸਾਰੀ ਤਸਕਰੀ ਅਤੇ ਹਵਾਲਾ ਰਕਮ ਦਾ ਲੈਣ-ਦੇਣ ਦੁਬਈ ਰਾਹੀਂ ਹੀ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਆਇਸ ਡਰੱਗ ਦੀ ਵਰਤੋਂ ਕਰਕੇ ਹੋਰ ਹੈਰੋਇਨ ਤਿਆਰ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਸੀ।
ਪੁਲਿਸ ਕਮਿਸ਼ਨਰ ਵੱਲੋਂ ਇਸ ਕਾਰਵਾਈ ਨੂੰ ਵੱਡੀ ਸਫ਼ਲਤਾ ਦੱਸਦਿਆਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।