ਪੰਜਾਬ ਵਿੱਚ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ, ਜਿਸ ਕਾਰਨ ਸੂਬੇ 'ਚ ਠੰਢ ਵੱਧਣੀ ਸ਼ੁਰੂ ਹੋ ਗਈ ਹੈ। ਉਥੇ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਚੱਲ ਰਹੀ ਹੈ। ਸਵੇਰ ਅਤੇ ਸ਼ਾਮ ਦੀ ਠੰਢ ਵਿੱਚ ਕਾਫ਼ੀ ਵਾਧਾ ਹੋਇਆ ਹੈ। ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਲਈ ਯੈਲੋ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਾਨ 0.6 ਡਿਗਰੀ ਘੱਟ ਗਿਆ ਹੈ, ਜੋ ਕਿ ਆਮ ਨਾਲੋਂ 1.6 ਡਿਗਰੀ ਘੱਟ ਹੈ।
ਫਰੀਦਕੋਟ ਜ਼ਿਲ੍ਹਾ ਸਭ ਤੋਂ ਠੰਢਾ ਰਿਹਾ ਹੈ। ਇਥੇ ਤਾਪਮਾਨ 3.2 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਉੱਤਰੀ ਪੰਜਾਬ ਤੇ ਆਸਪਾਸ ਦੇ ਇਲਾਕਿਆਂ ਵਿਚ ਉਪਰੀ ਹਵਾ ਵਿਚ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ। ਇਸ ਵਜ੍ਹਾ ਤੋਂ ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਮੌਸਮ ਨੂੰ ਪ੍ਰਭਾਵਿਤ ਕਰਨਗੀਆਂ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਮੋਗਾ, ਜਲੰਧਰ ਅਤੇ ਮਾਨਸਾ ਕੁਝ ਥਾਵਾਂ ‘ਤੇ ਸੀਤ ਲਹਿਰ ਚੱਲ ਸਕਦੀ ਹੈ। ਦੂਜੇ ਪਾਸੇ ਮੌਸਮ ਨੂੰ ਦੇਖਦੇ ਹੋਏ ਚੰਡੀਗੜ੍ਹ ਸਿਹਤ ਵਿਭਾਗ ਨੇ ਲੋਕਾਂ ਲਈ ਇਕ ਐਡਵਾਇਜਰੀ ਜਾਰੀ ਕੀਤੀ ਹੈ ਕਿ ਜਿੰਨਾ ਹੋ ਸਕੇ ਘਰਾਂ ਦੇ ਅੰਦਰ ਰਹੋ। ਦੂਜੇ ਪਾਸੇ ਪੰਜਾਬ ਤੇ ਚੰਡੀਗੜ੍ਹ ਦੀ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ। ਸਵੇਰੇ 7 ਵਜੇ ਮੰਡੀ ਗੋਬਿੰਦਗੜ੍ਹ ਦਾ AQI 253 ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਦਾ AQI 217 ਰਿਹਾ ਹੈ।

ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਬਾਰਿਸ਼ ਨਹੀਂ ਹੋਵੇਗੀ ਅਤੇ ਮੌਸਮ ਸੁੱਕਾ ਰਹੇਗਾ। ਰਾਜ ਦੇ ਕੁਝ ਇਲਾਕਿਆਂ ਵਿੱਚ ਹਲਕਾ ਜਾਂ ਮਧਮ ਧੁੰਦ ਪੈ ਸਕਦੀ ਹੈ। ਅਗਲੇ 3 ਦਿਨਾਂ ਤੱਕ ਰਾਤ ਦਾ ਤਾਪਮਾਨ ਲਗਭਗ ਅਜਿਹਾ ਹੀ ਰਹੇਗਾ, ਵੱਡਾ ਫ਼ਰਕ ਨਹੀਂ ਪਵੇਗਾ। ਕੁਝ ਥਾਵਾਂ ‘ਤੇ ਠੰਢ ਹੋਰ ਜ਼ਿਆਦਾ ਮਹਿਸੂਸ ਹੋ ਸਕਦੀ ਹੈ।
ਰਾਜਧਾਨੀ ਦਿੱਲੀ ਵਿੱਚ ਦਸੰਬਰ ਦੀ ਠੰਢ ਸ਼ੁਰੂ ਹੋ ਗਈ ਹੈ। ਦਸੰਬਰ ਦਾ ਪਹਿਲਾ ਹਫ਼ਤਾ ਬੀਤਣ ਵਾਲਾ ਹੈ। ਉੱਤਰੀ ਭਾਰਤ ਦੇ ਕਈ ਰਾਜ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ। ਰਾਸ਼ਟਰੀ ਰਾਜਧਾਨੀ ਸੀਤ ਲਹਿਰ ਦੀ ਲਪੇਟ ਵਿੱਚ ਹੈ। ਮੌਸਮ ਵਿਭਾਗ ਦੇ ਅਨੁਸਾਰ, ਵੀਰਵਾਰ ਨੂੰ ਦਿੱਲੀ ਵਿੱਚ ਦਿਨ ਭਰ ਅਸਮਾਨ ਸਾਫ਼ ਰਿਹਾ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਵੱਧ ਤੋਂ ਵੱਧ ਤਾਪਮਾਨ 23.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਹੈ। ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਸੀ। ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਸੀਤ ਲਹਿਰ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਪੀਲਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਅਸਮਾਨ ਸਾਫ਼ ਰਹੇਗਾ। ਸਵੇਰੇ ਹਲਕੀ ਧੁੰਦ ਪੈ ਸਕਦੀ ਹੈ। ਕੁਝ ਇਲਾਕਿਆਂ ਵਿੱਚ ਸੀਤ ਲਹਿਰ ਦੀ ਸੰਭਾਵਨਾ ਹੈ।