ਪੰਜਾਬ ਵਿੱਚ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਚੁੱਕੀ ਹੈ। ਮੌਸਮ ਵਿਭਾਗ ਵਲੋਂ ਲਗਾਤਾਰ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਪੰਜਾਬ ਵਿੱਚ ਚੱਲ ਰਹੇ ਟੈਂਪਰੇਚਰ ਦੀ ਗੱਲ ਕਰੀਏ ਤਾਂ, ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਸੈਲਸੀਅਸ ਬਠਿੰਡਾ ਸ਼ਹਿਰ ਵਿੱਚ ਦਰਜ ਹੋਇਆ ਹੈ। ਪੰਜਾਬ ਦਾ ਫਰੀਦਕੋਟ ਇਸ ਸਮੇਂ ਸਭ ਤੋਂ ਵੱਧ ਠੰਢਾ ਚੱਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ, ਇੱਥੇ ਘੱਟੋ-ਘੱਟ ਤਾਪਮਾਨ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਘੱਟੋ-ਘੱਟ 4.0 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ਵਿਖੇ ਰਿਕਾਰਡ ਹੋਇਆ ਹੈ।
ਮੌਸਮ ਵਿਭਾਗ ਮੁਤਾਬਕ, ਪੰਜਾਬ ਵਿੱਚ ਦੋ ਦਿਨ ਸ਼ੀਤ ਲਹਿਰ ਲਈ ਯੈਲੋ ਅਲਰਟ ਜਾਰੀ ਹੈ। ਜਲੰਧਰ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿਖੇ ਸ਼ੀਤ ਅਲਰਟ ਹੈ, ਜਿੱਥੇ ਠੰਢੀਆਂ ਹਵਾਵਾਂ ਚੱਲਣਗੀਆਂ।
ਆਈਐਮਡੀ ਦੇ ਅਨੁਸਾਰ, ਦਿੱਲੀ ਅੱਜ ਠੰਢ ਦਾ ਸਾਹਮਣਾ ਕਰ ਰਹੀ ਹੈ। ਰਾਜਧਾਨੀ ਪਹਿਲਾਂ ਹੀ ਪ੍ਰਦੂਸ਼ਣ ਨਾਲ ਜੂਝ ਰਹੀ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਧੁੰਦ ਦਿਖਾਈ ਦੇਵੇਗੀ। ਪੀਲਾ ਅਲਰਟ ਜਾਰੀ ਕਰਦੇ ਹੋਏ, ਮੌਸਮ ਵਿਭਾਗ ਨੇ ਕਿਹਾ ਕਿ 3 ਦਸੰਬਰ ਦੀ ਸਵੇਰ ਦੇ ਸਮੇਂ ਇੱਕ ਸ਼ੀਤ ਲਹਿਰ ਸ਼ੁਰੂ ਹੋ ਜਾਵੇਗੀ। ਵੱਧ ਤੋਂ ਵੱਧ ਤਾਪਮਾਨ ਦੇ ਸੰਬੰਧ ਵਿੱਚ, ਦਿੱਲੀ ਦਾ ਅੱਜ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਰਹੇਗਾ, ਜਦੋਂ ਕਿ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ। ਮੌਸਮ ਵਿਭਾਗ ਨੇ 5 ਦਸੰਬਰ ਤੱਕ ਇਸੇ ਤਰ੍ਹਾਂ ਦੇ ਮੌਸਮ ਦੀ ਭਵਿੱਖਬਾਣੀ ਕਰਦੇ ਹੋਏ ਇੱਕ ਅਲਰਟ ਜਾਰੀ ਕੀਤਾ ਹੈ।