ਪਟਿਆਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਪੰਜਾਬ ਐਵੀਏਸ਼ਨ ਕਲੱਬ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਸਿਖਲਾਈ ਪ੍ਰਾਪਤ ਕਰ ਰਹੇ,ਪਾਇਲਟਾਂ ਅਤੇ ਐਵੀਏਸ਼ਨ ਇੰਜੀਨੀਅਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਕਲੱਬ ਅਤੇ ਐਵੀਏਸ਼ਨ ਇੰਜੀਨੀਅਰਿੰਗ ਕਾਲਜ ਵਿੱਚ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਲਈ। ਉਹਨਾਂ ਆਉਣ ਵਾਲੇ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ ਕਿਹਾ ਕਿ ਅਸਮਾਨ ਵਿੱਚ ਉਡਾਣ ਜ਼ਰੂਰ ਭਰੋ, ਪਰ ਆਪਣੀ ਜ਼ਮੀਨ ਨਾਲ ਵੀ ਜੁੜੇ ਰਹੋ। ਉਹਨਾਂ ਕਿਹਾ ਜਹਾਜ਼ ਨੂੰ ਉੱਡਣ ਲਈ ਰਨਵੇਅ ਦੀ ਲੋੜ ਹੁੰਦੀ ਹੈ, ਪਰ ਜਹਾਜ਼ ਉਡਾਣ ਭਰਨ ਤੋਂ ਬਾਅਦ ਕਦੇਂ ਵੀ ਰਨਵੇਅ ਨੂੰ ਨਹੀਂ ਭੁੱਲਦਾ ਹੈ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਸ ਵੇਲੇ ਐਵੀਏਸ਼ਨ ਇੰਜੀਨੀਅਰਿੰਗ ਕਾਲਜ ਵਿੱਚ 72 ਵਿਦਿਆਰਥੀ ਪੜ੍ਹ ਰਹੇ ਹਨ, ਜਿਹਨਾਂ ਵਿੱਚੋਂ 32 ਦੇ ਕਰੀਬ ਪੰਜਾਬ ਏਵੀਏਸ਼ਨ ਕਲੱਬ ਵਿੱਚ ਪ੍ਰੈਕਟੀਕਲ ਸਿਖਲਾਈ ਲੈ ਰਹੇ ਹਨ। ਉਹਨਾਂ ਕਿਹਾ ਇੱਥੇ ਸਰਕਾਰੀ ਸਹੂਲਤਾਂ ਨਾਲ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਵਿੱਚ ਮਦਦ ਮਿਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਜਦੋਂ ਵੀ ਮੈਂ ਪਟਿਆਲਾ ਆਇਆ ਕਰਦਾ ਸੀ ਤਾਂ ਬਾਰੀ ਵਾਲੀ ਸਾਇਡ ਬੈਠਦਾ ਸੀ ਤਾਂ ਪਟਿਆਲਾ ਵਿਖੇ ਜਹਾਜ਼ਾਂ ਨੂੰ ਦੇਖ ਸਕਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਪ੍ਰਾਈਵੇਟ ਐਵੀਏਸ਼ਨ ਕਲੱਬਾਂ ਵਿੱਚ ਵਪਾਰਕ ਪਾਇਲਟ ਬਣਨ ਲਈ 40 ਤੋਂ 45 ਲੱਖ ਰੁਪਏ ਦੇ ਕਰੀਬ ਖਰਚ ਆ ਜਾਂਦਾ ਹੈ। ਪਰ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ 50 ਫੀਸਦੀ ਸਬਸਿਡੀ ਦੇਣ ਕਰਕੇ ਵਿਦਿਆਰਥੀ
ਸਿਖਲਾਈ ਅੱਧੀ ਕੀਮਤ ਵਿੱਚ ਪ੍ਰਾਪਤ ਕਰਦੇ ਹਨ। ਅਧਿਕਾਰੀਆਂ ਨੇ ਕਿਹਾ ਭਾਰਤ ਵਿੱਚ ਜ਼ਿਆਦਾਤਰ ਰਾਜਾਂ ਵਿੱਚ ਪ੍ਰਾਈਵੇਟ ਕਲੱਬ ਹਨ, ਜਿੱਥੇ ਸਿੱਖਿਆ ਬਹੁਤ ਮਹਿੰਗੀ ਮਿਲਦੀ ਹੈ, ਪਰ ਪੰਜਾਬ ਇੱਕ ਅਜਿਹਾ ਸੂਬਾ ਹੈ,ਜਿੱਥੇ ਪਾਇਲਟਾਂ ਅਤੇ ਏਵੀਏਸ਼ਨ ਇੰਜੀਨੀਅਰਾਂ ਨੂੰ ਘੱਟ ਕੀਮਤ ‘ਤੇ ਸਿਖਲਾਈ ਮਿਲਦੀ ਹੈ।
ਉਹਨਾਂ ਕਿਹਾ ਪੰਜਾਬ ਐਵੀਏਸ਼ਨ ਕਲੱਬ ਪਟਿਆਲਾ ਵਿਖੇ ਹੁਣ ਤੱਕ 4 ਹਜ਼ਾਰ ਤੋਂ ਵੱਧ ਪਾਇਲਟਾਂ ਅਤੇ ਹਵਾਬਾਜ਼ੀ ਇੰਜੀਨੀਅਰਾਂ ਨੇ ਸਿਖਲਾਈ ਲਈ ਹੈ, ਉਹਨਾਂ ਵਿੱਚੋਂ ਬਹੁਤ ਸਾਰੇ ਦੇਸ਼-ਵਿਦੇਸ਼ਾਂ ਦੀਆਂ ਵੱਖ-ਵੱਖ ਏਅਰਲਾਈਨਾਂ ਅਤੇ ਹਵਾਬਾਜ਼ੀ ਕੰਪਨੀਆਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਕਿਹਾ ਇੱਥੇ ਵਿਦਿਆਰਥੀ ਪੰਜਾਬ ਦੇ ਨਾਲ-ਨਾਲ ਹੋਰਨਾਂ ਰਾਜਾਂ ਤੋਂ ਸਿਖਲਾਈ ਲੈਣ ਆਉਂਦੇ ਹਨ।