Trending:
ਅੰਮ੍ਰਿਤਸਰ:- ਮੁੱਖ ਮੰਤਰੀ ਭਗਵੰਤ ਮਾਨ ਅੱਜ (15 ਜਨਵਰੀ) ਨੂੰ ਅੰਮ੍ਰਿਤਸਰ ਸਥਿਤ ਸਿੱਖਾਂ ਦੇ ਸਭ ਤੋਂ ਉੱਚੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ। ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਪੱਸ਼ਟੀਕਰਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਲਗਭਗ 45 ਮਿੰਟ ਤੱਕ ਸਕੱਤਰੇਤ ਅੰਦਰ ਰਹੇ।
CM ਮਾਨ ਨੇ ਦਿੱਤਾ ਸਪੱਸ਼ਟੀਕਰਨ:- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਨੂੰ ਆਪਣੇ ਬਿਆਨਾਂ ਬਾਰੇ ਸਪੱਸ਼ਟੀਕਰਨ ਦੇ ਦਿੱਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ 'ਤੇ ਮੈਨੂੰ ਗਲਤ ਬਣਾਇਆ ਜਾ ਰਿਹਾ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਹਾਂ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੈਂ ਆਪਣਾ ਸਿਰ ਝੁਕਾਇਆ ਹੈ। ਮੈਂ ਦੱਸਿਆ ਕਿ ਅਜਿਹਾ ਕੁਝ ਵੀ ਨਹੀਂ ਹੈ।
'ਮੈਨੂੰ ਸਕੂਨ ਤੇ ਸੰਤੁਸ਼ਟੀ ਮਿਲੀ':- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਹੋਰਜਾਣਕਾਰੀ ਜਾਂ ਫੈਸਲੇ ਬਾਰੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਸਕੂਨ ਅਤੇ ਸੰਤੁਸ਼ਟੀ ਮਿਲੀ ਹੈ ਕਿ ਉਨ੍ਹਾਂ ਨੇ ਜਥੇਦਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਕਾਗਜ਼ ਜਾਂ ਆਪਣੇ ਸਪੱਸ਼ਟੀਕਰਨ ਦੇ ਰੂਪ ਵਿੱਚ ਪੇਸ਼ ਕੀਤਾ ਹੈ।
ਇਤਰਾਜ਼ਯੋਗ ਵਾਇਰਲ ਵੀਡਿਓ ਨਕਲੀ:- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਵਾਇਰਲ ਵੀਡਿਓ ਨਕਲੀ ਹੈ, ਤੁਸੀਂ ਇਸ ਵੀਡੀਓ ਨੂੰ ਕਿਤੇ ਵੀ ਚੈੱਕ ਕਰਵਾ ਸਕਦੇ ਹੋ, ਉਸ ਉੱਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਜਾ ਸਕਦਾ।
328 ਪਾਵਨ ਸਰੂਪਾਂ ਦੇ ਮਾਮਲੇ 'ਤੇ ਗੱਲਬਾਤ:- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ SGPC ਨੂੰ ਸਾਰਾ ਰਿਕਾਰਡ ਦੇਣ ਲਈ ਕਿਹਾ ਹੈ। ਉਹਨਾਂ ਕਿਹਾ ਜਿਹਨਾਂ ਪਾਵਨ ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ, ਉਹਨਾਂ ਦੀ ਜਾਂਚ ਤੋਂ ਬਾਅਦ ਸਾਰੀ ਜਾਣਕਾਰੀ SGPC ਨੂੰ ਦਿੱਤੀ ਜਾਵੇਗੀ।
ਉਹਨਾਂ ਕਿਹਾ ਪੁਲਿਸ ਦੀ SIT ਬਣਾਉਣਾ ਸਿਆਸਤ ਨਹੀਂ ਹੈ, ਪੁਲਿਸ ਅਤੇ SIT ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਵੀ ਜਾਂਚ ਲਈ SGPC ਬੁਲਾ ਕੇ ਫਿਰ ਗੱਲਬਾਤ ਕਰਨੀ ਹੈ। ਉਹਨਾਂ ਕਿਹਾ 328 ਸਰੂਪਾਂ ਦੇ ਮਾਮਲੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਜੇਕਰ 328 ਸਰੂਪਾਂ ਦਾ ਮਾਮਲਾ ਹੱਲ ਹੋਵੇਗਾ ਤਾਂ ਸੰਗਤਾਂ ਦੇ ਮਨ ਨੂੰ ਵੀ ਸਕੂਨ ਮਿਲੇਗਾ ਕਿ ਇਸ ਮਾਮਲੇ ਦੀ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬਿਆਨ:- ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ ਪੇਸ਼ੀ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪ੍ਰੈਸ ਕਾਨਫਰੰਸ ਕੀਤੀ, ਇਸ ਦੌਰਾਨ ਜਥੇਦਾਰ ਨੇ ਕਿਹਾ ਕਿ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਹੈ, ਸਿੱਖ ਮਰਿਆਦਾ ਸਬੰਧੀ ਗੱਲਬਾਤ ਕੀਤੀ ਗਈ, ਇਸ ਦੌਰਾਨ ਮੁੱਖ ਮੰਤਰੀ ਨੇ ਮੰਨਿਆ ਹੈ ਕਿ ਉਹਨਾਂ ਨੂੰ ਸਿੱਖ ਸਿਧਾਂਤਾਂ ਬਾਰੇ ਪਤਾ ਨਹੀਂ ਹੈ।
ਜਥੇਦਾਰ ਨੇ ਕਿਹਾ ਪੰਜ ਸਿੰਘ ਸਾਹਿਬਾਨਾਂ ਨਾਲ ਮੀਟਿੰਗ ਵਿੱਚ ਵਿਚਾਰਾਂਗੇ, ਮੁੱਖ ਮੰਤਰੀ ਭਗਵੰਤ ਮਾਨ ਦਾ ਸਪੱਸ਼ਟੀਕਰਨ। ਉਹਨਾਂ ਕਿਹਾ ਮੁੱਖ ਮੰਤਰੀ ਨੇ ਆਪਣੇ ਬਿਆਨ 'ਤੇ ਗਲਤੀ ਮੰਨੀ ਹੈ, ਮੁੱਖ ਮੰਤਰੀ ਨੇ ਗੁਰੂ ਕੀ ਗੋਲਕ ਬਾਰੇ ਅੱਗੇ ਤੋਂ ਬਿਆਨਬਾਜ਼ੀ ਨਾ ਕਰਨ ਦੀ ਕਹੀ ਗੱਲ ਹੈ, ਜਥੇਦਾਰ ਨੇ ਕਿਹਾ ਦਸਵੰਧ ਤੇ ਗੋਲਕ 'ਚ ਸੰਗਤ ਦੀ ਸ਼ਰਧਾ ਹੁੰਦੀ ਹੈ।
ਕੀ ਸੀ ਪੂਰਾ ਮਾਮਲਾ:- ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ 5 ਜਨਵਰੀ ਨੂੰ ਮੁੱਖ ਮੰਤਰੀ ਨੂੰ ਇੱਕ ਇਤਰਾਜ਼ਯੋਗ ਵੀਡੀਓ ਅਤੇ ਗੋਲਕ ਸਮੇਤ ਹੋਰ ਸਿੱਖ ਮੁੱਦਿਆਂ 'ਤੇ ਦਿੱਤੇ ਗਏ ਬਿਆਨਾਂ ਸਬੰਧੀ ਤਲਬ ਕੀਤਾ ਸੀ। ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰ ਮੱਥੇ ਪ੍ਰਵਾਨ ਕੀਤਾ ਸੀ।