ਚੰਡੀਗੜ੍ਹ ਵਿੱਚ ਸਵੇਰ ਦੇ ਸਮੇਂ ਇੱਕ ਸੜਕ ਹਾਦਸੇ ਤੋਂ ਬਾਅਦ ਭਾਰੀ ਜਾਮ ਲੱਗ ਗਿਆ। ਇੱਥੇ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸੁਖਨਾ ਝੀਲ ਦੇ ਪਿੱਛੇ ਕੈਂਬਵਾਲਾ ਰੋਡ 'ਤੇ ਵਾਪਰਿਆ। ਉਕਤ ਮੁਲਾਜ਼ਮ ਚੰਡੀਗੜ੍ਹ ਪੁਲਿਸ ਦਾ ਏਐੱਸਆਈ ਦਲਜੀਤ ਸਿੰਘ ਦੱਸਿਆ ਜਾ ਰਿਹਾ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਸ਼ੇ ਵਿੱਚ ਟੱਲੀ ਏਐੱਸਆਈ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਦੌਰਾਨ ਉਹ ਖੁਦ ਵੀ ਜ਼ਖਮੀ ਹੋ ਗਿਆ ਅਤੇ ਉਸ ਦੇ ਚਿਹਰੇ ਤੋਂ ਖੂਨ ਨਿਕਲ ਰਿਹਾ ਸੀ।
ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਪੀਸੀਆਰ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੀਸੀਆਰ ਟੀਮ ਨੂੰ ਏਐਸਆਈ ਨੂੰ ਕਾਰ 'ਚੋਂ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਭਾਰੀ ਜੱਦੋ-ਜਹਿਦ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਕਾਰ 'ਚੋਂ ਬਾਹਰ ਕੱਢਿਆ। ਟੱਕਰ ਦੌਰਾਨ ਕਾਰ ਦਾ ਸ਼ੀਸ਼ਾ ਟੁੱਟਣ ਕਾਰਨ ਏਐਸਆਈ ਦੇ ਮੱਥੇ 'ਤੇ ਗੰਭੀਰ ਸੱਟ ਲੱਗ ਗਈ ਸੀ ਅਤੇ ਖੂਨ ਵਹਿ ਰਿਹਾ ਸੀ। ਫਿਲਹਾਲ ਲਈ ਪੁਲਿਸ ਵਿਭਾਗ ਨੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿ ਜੇਕਰ ASI ਦੀ ਗਲਤੀ ਹੋਈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।