ਪਿੰਡ ਪਥਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਇਕਬਾਲ ਸਿੰਘ ਪਥਰਾਲਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਬੀਤੀ ਰਾਤ ਪਿੰਡ ਸਿੰਘੇਵਾਲਾ ਰੋਡ ਸਥਿਤ ਉਨ੍ਹਾਂ ਦੀ ਢਾਣੀ ਵਿੱਚ ਵਿੱਚ ਵਾਪਰੀ।
ਜਾਣਕਾਰੀ ਅਨੁਸਾਰ ਇਕਬਾਲ ਸਿੰਘ ਨੇ ਆਪਣੀ ਲਾਇਸੰਸੀ 12 ਬੋਰ ਦੀ ਬੰਦੂਕ ਨਾਲ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਲਈ। ਘਟਨਾ ਦੇ ਸਮੇਂ ਉਨ੍ਹਾਂ ਦੀ ਪਤਨੀ ਅਤੇ ਬੇਟੀ ਘਰ ਦੇ ਅੰਦਰ ਹੀ ਮੌਜੂਦ ਸਨ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਏ ਤਾਂ ਇਕਬਾਲ ਸਿੰਘ ਖੂਨ ਨਾਲ ਲੱਥਪੱਥ ਪਏ ਸਨ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ।
ਲਾਸ਼ ਨੂੰ ਪੋਸਟਮਾਰਟਮ ਭੇਜਿਆ ਹਸਪਤਾਲ
ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਕੁੜੀਆਂ ਛੱਡ ਗਏ ਹਨ, ਜਿਨ੍ਹਾਂ ਵਿੱਚੋਂ ਦੋ ਵਿਆਹੀਆਂ ਹੋਈਆਂ ਹਨ।
ਕਿਸਾਨ ਅੰਦੋਲਨ 'ਚ ਨਿਭਾਈ ਸੀ ਅਹਿਮ ਭੂਮਿਕਾ
ਇਕਬਾਲ ਸਿੰਘ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਖੇਤਰ ਵਿੱਚ ਇੱਕ ਜੁਝਾਰੂ ਅਤੇ ਨਿਡਰ ਕਿਸਾਨ ਆਗੂ ਵਜੋਂ ਜਾਣੇ ਜਾਂਦੇ ਸਨ। ਖੇਤੀ ਕਾਨੂੰਨਾਂ ਵਿਰੁੱਧ ਹੋਏ ਇਤਿਹਾਸਕ ਅੰਦੋਲਨ ਦੌਰਾਨ ਬਠਿੰਡਾ ਰੋਡ ’ਤੇ ਪੰਜਾਬ-ਹਰਿਆਣਾ ਸਰਹੱਦ ’ਤੇ ਲਗਾਏ ਗਏ ਧਰਨਿਆਂ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।
BKU ਦੇ ਜ਼ਿਲ੍ਹਾ ਪ੍ਰਧਾਨ ਨੇ ਪ੍ਰਗਟਾਇਆ ਦੁੱਖ
ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਕੋਟਲੀ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਕਬਾਲ ਸਿੰਘ ਕੋਲ ਕਰੀਬ ਪੰਜ ਏਕੜ ਜ਼ਮੀਨ ਸੀ ਅਤੇ ਉਹ ਆਰਥਿਕ ਪੱਖੋਂ ਮਜ਼ਬੂਤ ਸਨ। ਉਨ੍ਹਾਂ ਸਿਰ ਨਾ ਤਾਂ ਕੋਈ ਕਰਜ਼ਾ ਸੀ, ਅਜਿਹਾ ਘਾਤਕ ਕਦਮ ਚੁੱਕਣਾ ਸਭ ਲਈ ਹੈਰਾਨੀਜਨਕ ਅਤੇ ਸਦਮਾ ਦੇਣ ਵਾਲਾ ਹੈ।
ਪਿਸਤੌਲ ਨੂੰ ਸਾਫ਼ ਕਰਦੇ ਸਮੇਂ ਚੱਲੀ ਗੋਲੀ
ਚੌਕੀ ਇੰਚਾਰਜ ਸੁਖਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਬੰਦੂਕ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਘਟਨਾ ਕਾਰਨ ਪੂਰੇ ਇਲਾਕੇ ਅਤੇ ਕਿਸਾਨ ਜਥੇਬੰਦੀਆਂ ਵਿੱਚ ਸੋਗ ਦੀ ਲਹਿਰ ਹੈ।