ਬਿਹਾਰ ਵਿੱਚ ਸੱਤਾਧਾਰੀ ਭਾਜਪਾ-ਜੇਡੀਯੂ ਗੱਠਜੋੜ ਨੇ 243 ਮੈਂਬਰੀ ਵਿਧਾਨ ਸਭਾ ਵਿੱਚ 202 ਸੀਟਾਂ ਦੀ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਹਿੰਦੁਸਤਾਨੀ ਅਵਾਮ ਮੋਰਚਾ (ਹਾਮ) ਦੇ ਮੁਖੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਨਵੰਬਰ ਨੂੰ ਤੈਅ ਕੀਤਾ ਗਿਆ ਹੈ।
ਮਾਂਝੀ ਦੇ ਮੁਤਾਬਕ ਬਣਨ ਵਾਲੀ ਨਵੀਂ ਕੈਬਨਿਟ ਵਿੱਚ ਲਗਭਗ 35 ਮੰਤਰੀ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਵਿੱਚੋਂ 14-15 ਭਾਜਪਾ, 12-13 ਜੇਡੀਯੂ, 3 ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਅਤੇ ਹਾਮ ਤੇ ਰਾਸ਼ਟਰੀ ਲੋਕ ਮੋਰਚਾ ਵਿਚੋਂ ਇਕ-ਇਕ ਮੰਤਰੀ ਦਾ ਨਾਮ ਆ ਸਕਦਾ ਹੈ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਅੰਕੜੇ ਅਜੇ ਅਧਿਕਾਰਤ ਨਹੀਂ ਹਨ।
ਮਾਂਝੀ ਨੇ ਬਿਹਾਰ ਚੋਣਾਂ ਵਿੱਚ ਐੱਨਡੀਏ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਦਿੱਤਾ।
ਇਸ ਦਰਮਿਆਨ ਭਾਜਪਾ ਵਿਧਾਇਕ ਦਲ ਆਪਣਾ ਨੇਤਾ ਚੁਣਨ ਲਈ ਪਟਨਾ ਸਥਿਤ ਮੁੱਖ ਦਫ਼ਤਰ ਵਿੱਚ ਮੀਟਿੰਗ ਕਰੇਗਾ। ਇਸ ਤੋਂ ਬਾਅਦ ਐੱਨਡੀਏ ਵੱਲੋਂ ਵੀ ਆਪਣੇ ਸਾਂਝੇ ਆਗੂ ਦੀ ਚੋਣ ਹੋਵੇਗੀ । ਸੂਤਰਾਂ ਦਾ ਕਹਿਣਾ ਹੈ ਕਿ 14 ਨਵੰਬਰ ਨੂੰ ਭਾਜਪਾ ਦਫ਼ਤਰ ਵਿੱਚ ਜਿੱਤ ਉਪਰੰਤ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਤੀਸ਼ ਕੁਮਾਰ ਦੀ ਅਗਵਾਈ ਦੀ ਖੁੱਲ੍ਹੀ ਸ਼ਲਾਘਾ ਦੇ ਮੱਦੇਨਜ਼ਰ ਨਿਤੀਸ਼ ਕੁਮਾਰ ਪੰਜਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ।