ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਗੁਰੂ ਤੇਗ ਬਹਾਦਰ ਜੀ ਬਾਰੇ ਕਥਿਤ ਟਿੱਪਣੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਦੀ ਸਖ਼ਤ ਨਿਖੇਧੀ ਕੀਤੀ ਹੈ। ਮਾਨ ਨੇ ਦਾਅਵਾ ਕੀਤਾ ਕਿ ਅਤਿਸ਼ੀ ਨੇ ਅਜਿਹੀਆਂ ਟਿੱਪਣੀਆਂ ਕਦੇ ਕੀਤੀਆਂ ਹੀ ਨਹੀਂ।
ਭਾਜਪਾ ’ਤੇ ਹਮੇਸ਼ਾ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਮਾਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, ਫ਼ਿਰ ਭਾਜਪਾ ਪੰਜਾਬ ਤੇ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਇਆ, ਜਦੋਂ ਉਹਨਾਂ ਨੇ ਅਤਿਸ਼ੀ ਜੀ ਦੇ ਵੀਡੀਓ 'ਤੇ, ਜੋ ਲਫ਼ਜ਼ ਉਹਨਾਂ ਨੇ ਬੋਲੇ ਵੀ ਨਹੀਂ ਸੀ...ਉਸ 'ਚ ਗੁਰੂ ਸਾਹਿਬ ਦਾ ਨਾਮ ਜੋੜ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ...ਇਸ ਸ਼ਰਮਨਾਕ ਹਰਕਤ 'ਤੇ ਬੀਜੇਪੀ ਨੂੰ ਸਿੱਖ ਜਗਤ ਅਤੇ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ...ਬੀਜੇਪੀ ਹਮੇਸ਼ਾ ਧਰਮ ਤੇ ਨਫ਼ਤਰ ਦੀ ਰਾਜਨੀਤੀ ਕਰਦੀ ਰਹੀ ਹੈ...ਪਰ ਇਹਨਾਂ ਦੀ ਇਹ ਰਾਜਨੀਤੀ ਪੰਜਾਬ ਵਿੱਚ ਨਹੀਂ ਚੱਲੇਗੀ..।”
ਭਾਰਤੀ ਜਨਤਾ ਪਾਰਟੀ ਹਮੇਸ਼ਾ ਪੰਜਾਬ ਤੇ ਸਿੱਖ ਵਿਰੋਧੀ ਰਹੀ ਹੈ... ਅੱਜ ਫ਼ਿਰ ਉਸਦਾ ਪੰਜਾਬ ਤੇ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਇਆ, ਜਦੋਂ ਉਹਨਾਂ ਨੇ ਅਤਿਸ਼ੀ ਜੀ ਦੇ ਵੀਡੀਓ 'ਤੇ, ਜੋ ਲਫ਼ਜ਼ ਉਹਨਾਂ ਨੇ ਬੋਲੇ ਵੀ ਨਹੀਂ ਸੀ.. ਉਸ 'ਚ ਗੁਰੂ ਸਾਹਿਬ ਦਾ ਨਾਮ ਜੋੜ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ... ਇਸ ਸ਼ਰਮਨਾਕ ਹਰਕਤ 'ਤੇ ਬੀਜੇਪੀ ਨੂੰ ਸਿੱਖ ਜਗਤ… https://t.co/2YixM2xKSo
— Bhagwant Mann (@BhagwantMann) January 7, 2026
ਬੁੱਧਵਾਰ ਨੂੰ ਸੱਤਾਧਾਰੀ ਭਾਜਪਾ ਵਿਧਾਇਕਾਂ ਨੇ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰਨ ਲਈ ਮਜਬੂਰ ਕੀਤਾ ਅਤੇ ਸਿੱਖ ਗੁਰੂ ਤੇਗ ਬਹਾਦਰ ਜੀ ਦਾ ‘ਅਪਮਾਨ’ ਕਰਨ ਲਈ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਆਤਿਸ਼ੀ ਨੇ ਭਾਜਪਾ 'ਤੇ ਨੌਵੇਂ ਸਿੱਖ ਗੁਰੂ ਦਾ ਨਾਮ ਲੈ ਕੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਆਗੂ ਰੇਖਾ ਗੁਪਤਾ ਨੇ ਦੋਸ਼ ਲਾਇਆ ਕਿ ਅਤਿਸ਼ੀ ਨੇ ਵਿਧਾਨ ਸਭਾ ਵਿੱਚ ਸਿੱਖ ਗੁਰੂ ਬਾਰੇ “ਸ਼ਰਮਨਾਕ ਅਤੇ ਗਲਤ” ਟਿੱਪਣੀ ਕੀਤੀ ਹੈ ਅਤੇ ਸਪੀਕਰ ਵਿਜੇਂਦਰ ਗੁਪਤਾ ਨੂੰ ਆਤਿਸ਼ੀ ਵਿਰੁੱਧ ਕਾਰਵਾਈ ਦੀ ਅਪੀਲ ਕੀਤੀ।
ਦੂਜੇ ਪਾਸੇ ਆਤਿਸ਼ੀ ਨੇ ਦਾਅਵਾ ਕੀਤਾ ਕਿ ਉਹ ਪ੍ਰਦੂਸ਼ਣ 'ਤੇ ਚਰਚਾ ਤੋਂ ਭੱਜਣ ਅਤੇ ਆਵਾਰਾ ਕੁੱਤਿਆਂ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਭਾਜਪਾ ਦੇ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕਰ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਜਾਣਬੁੱਝ ਕੇ ਇੱਕ ਗਲਤ ਸਬ-ਟਾਈਟਲ ਜੋੜਿਆ ਅਤੇ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਪਾ ਦਿੱਤਾ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਹੈ ਜਿਸ ਵਿੱਚ ਪੀੜ੍ਹੀਆਂ ਤੋਂ ਵੱਡਾ ਪੁੱਤਰ ਸਿੱਖ ਧਰਮ ਅਪਣਾਉਂਦਾ ਆ ਰਿਹਾ ਹੈ ਅਤੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨ ਨਾਲੋਂ ਮਰਨਾ ਬਿਹਤਰ ਸਮਝੇਗੀ।