ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦੌਰਾਨ ਮਿੰਨੀ ਬੱਸਾਂ ਦੇ ਪਰਮਿਟ ਵੰਡੇ। ਦੱਸ ਦਈਏ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ 500 ਦੇ ਕਰੀਬ ਨਵੇਂ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ ਹਨ, ਜਿਸ ਦਾ ਉਦੇਸ਼ ਪਿੰਡਾਂ ਵਿੱਚ ਮਿੰਨੀ ਬੱਸਾਂ ਨੂੰ ਮੁੜ ਤੋਂ ਚਾਲੂ ਕਰਨਾ ਹੈ। ਇਹਨਾਂ ਮਿੰਨੀ ਬੱਸਾਂ ਦੇ ਘੇਰਾ 35 ਕਿਲੋਮੀਟਰ ਨਿਰਧਾਰਤ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੱਲਬਾਤ ਦੌਰਾਨ ਕਿਹਾ ਪੰਜਾਬ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ, ਜਿਸ ਤਹਿਤ ਇਹ ਨਵੇਂ ਬੱਸਾਂ ਦੇ ਪਰਮਿਟ ਜਾਰੀ ਕੀਤੇ ਗਏ ਹਨ ਅਤੇ ਕੁਝ ਪੁਰਾਣੇ ਲਾਇਸੰਸ ਵੀ ਰਿਨਿਊ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ 505 ਪਰਮਿਟ ਜਾਰੀ ਕੀਤੇ ਗਏ ਹਨ, ਜਿਹਨਾਂ ਵਿੱਚ 450 ਦੇ ਕਰੀਬ ਲੋਕ ਅਜਿਹੇ ਹਨ, ਜੋ ਪਹਿਲੀ ਵਾਰ ਪਰਮਿਟ ਮਿਲਣ ਉੱਤੇ ਟ੍ਰਾਂਸਪੋਰਟਰ ਬਣੇ ਹਨ। ਇਹਨਾਂ ਨਵੇਂ ਪਰਮਿਟਾਂ ਵਿਚ ਰਿਜ਼ਨਾਲ ਟ੍ਰਾਂਸਸਪੋਰਟ ਅਥਾਰਟੀ ਪਟਿਆਲਾ ਦੇ 98,ਫਿਰੋਜ਼ਪੁਰ ਦੇ 53,ਜਲੰਧਰ ਦੇ 342,ਬਠਿੰਡਾ ਦੇ 66,ਫਿਰੋਜ਼ਪੁਰ ਦੇ 53 ਪਰਮਿਟ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਹੁਣ ਤੱਕ 1100 ਤੋਂ ਵੱਧ ਪਰਮਿਟ ਜਾਰੀ ਕੀਤੇ ਹਨ ਅਤੇ ਜੇਕਰ ਕਿਸੇ ਹੋਰ ਨੇ ਵੀ ਮਿੰਨੀ ਬੱਸ ਦਾ ਪਰਮਿਟ ਲੈਣਾ ਹੈ ਤਾਂ ਉਹ ਵੀ ਅਪਲਾਈ ਕਰ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਪਿੰਡਾਂ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਪਿੰਡਾਂ ਵਿੱਚ ਸਰਕਾਰੀ ਮਿੰਨੀ ਬੱਸਾਂ ਪਹਿਲਾ ਵਾਂਗ ਹੀ ਚਲਾਈਆਂ ਜਾਣ ਤਾਂ ਜੋ ਜਿਹਨਾਂ ਲੋਕਾਂ ਕੋਲ ਆਪਣੇ ਸਾਧਨ ਨਹੀਂ ਹਨ, ਉਹਨਾਂ ਨੂੰ ਸ਼ਹਿਰ ਆਉਣ-ਜਾਣਾ ਆਸਾਨ ਹੋ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ 1311 ਨਵੀਆਂ ਸਰਕਾਰੀ ਬੱਸਾਂ ਵੀ ਖਰੀਦੀਆਂ ਜਾਣੀਆਂ ਹਨ, ਉਹਨਾਂ ਕਿਹਾ ਸਰਕਾਰ ਦਾ ਉਦੇਸ਼ ਹੈ ਕਿ ਨੌਜਵਾਨਾਂ ਮੁੰਡੇ-ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਨ।