ਲੁਧਿਆਣਾ:- ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਵੱਲੋਂ ਦੇਸ਼ ਭਰ ਦੇ ਪਲਾਜ਼ਿਆਂ ਨੂੰ ਕੈਸ਼ਲੈੱਸ ਬਣਾਉਣ ਅਤੇ ਸੈਟੇਲਾਈਟ ਡਿਜੀਟਲ ਸਿਸਟਮ ਨਾਲ ਜੋੜਨ ਦੇ ਫੈਸਲੇ ਖਿਲਾਫ ਲਾਡੋਵਾਲ ਟੋਲ ਪਲਾਜ਼ਾ ਵਿਖੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਿਰੋਧ ਪ੍ਰਦਰਸ਼ਨ ਕਰਦਿਆਂ ਟੋਲ ਮੁਲਾਜ਼ਮਾਂ ਨੇ ਕਿਹਾ ਹੈ ਕਿ ਜੇਕਰ ਟੋਲ ਟੈਕਸ ਬੂਥ ਲੈਸ ਕਰ ਦਿੱਤੇ ਜਾਣਗੇ ਤਾਂ ਲੱਖਾਂ ਨੌਜਵਾਨ ਟੋਲ ਟੈਕਸ ਉੱਤੇ ਕੰਮ ਕਰ ਰਹੇ ਹਨ, ਉਹ ਬੇਰੋਜ਼ਗਾਰ ਹੋ ਜਾਣਗੇ।
ਟੋਲ ਪਲਾਜਾ ਕਰਮਚਾਰੀਆਂ ਨੇ ਕਿਹਾ ਕਿ ਇਸ ਨਾਲ ਲੱਖਾਂ ਪਰਿਵਾਰ ਗੁਜ਼ਾਰਾ ਕਰ ਰਹੇ ਹਨ, ਅਜਿਹਾ ਕਰਨ ਦੇ ਨਾਲ ਉਹ ਪਰਿਵਾਰ ਕਿੱਥੇ ਜਾਣਗੇ। ਟੋਲ ਵਰਕਰਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਆਪਣਾ ਇਹ ਫੈਸਲਾ ਵਾਪਸ ਲਵੇ। ਉਹਨਾਂ ਕਿਹਾ ਕਿ ਪਹਿਲਾਂ ਹੀ ਉਹ ਬਹੁਤ ਘੱਟ ਤਨਖਾਹਾਂ ਤੇ ਆਪਣੀ ਜ਼ਿੰਦਗੀ ਰਿਸਕ ਦੇ ਵਿੱਚ ਪਾ ਕੇ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਉਹਨਾਂ ਦੇ ਹੱਕਾਂ ਉੱਤੇ ਡਾਕੇ ਪਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਬੇਰੁਜ਼ਗਾਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ, ਜਿਸ ਉੱਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਕੋਈ ਫੈਸਲਾ ਲਾਗੂ ਕੀਤਾ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਇਸ ਖਿਲਾਫ਼ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕਰਨਗੇ।

ਟੋਲ ਪਲਾਜ਼ਾ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਜੇਕਰ ਬੂਥ-ਲੈੱਸ ਸਿਸਟਮ ਲਾਗੂ ਕੀਤਾ ਜਾਂਦਾ ਹੈ, ਤਾਂ ਇਸ ਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਹੋਵੇਗਾ, ਪਰ ਆਮ ਲੋਕਾਂ ਨੂੰ ਇਸ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਲੱਖਾਂ ਲੋਕਾਂ ਦੀ ਬੇਰੁਜ਼ਗਾਰੀ ਨੌਜਵਾਨਾਂ ਨੂੰ ਗਲਤ ਰਸਤੇ ਵੱਲ ਲੈ ਜਾਵੇਗੀ। ਉਹਨਾਂ ਕਿਹਾ ਇਹ ਸੰਘਰਸ਼ ਪੂਰੇ ਭਾਰਤ ਭਰ ਵਿੱਚ ਕੀਤਾ ਜਾਵੇਗਾ। ਉਹਨਾਂ ਕਿਹਾ ਕੇਂਦਰ ਸਰਕਾਰ ਕੋਲ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਕੀਤੇ ਹੋਰ ਸੈਟ ਕਰਨ ਦੀ ਕੋਈ ਵੀ ਨੀਤੀ ਨਹੀਂ ਹੈ। ਉਹਨਾਂ ਕਿਹਾ ਟੋਲ ਪਾਸ ਧਾਰਕਾਂ ਉੱਤੇ ਵੀ ਅਰਬਾਂ ਰੁਪਏ ਦਾ ਆਰਥਿਕ ਬੋਝ ਪੈਣ ਦੀ ਸੰਭਾਵਨਾ ਹੈ।