ਅੰਮ੍ਰਿਤਸਰ ਦੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਜੰਮ ਕੇ ਹੰਗਾਮਾ ਹੋ ਗਿਆ। ਇਹ ਹੰਗਾਮਾ ਵੀ 2 ਭੈਣਾਂ ਵਿਚਾਲੇ ਹੋਇਆ। ਦਰਅਸਲ ਇੱਥੇ ਦੇ ਥਾਣਾ ਗੇਟ ਹਕੀਮਾ ਦੇ ਬਾਹਰ 2 ਭੈਣਾਂ ਵਿਚਾਲੇ ਕਿਸੇ ਮਾਮਲੇ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ, ਇਸ ਦੌਰਾਨ ਹੰਗਾਮਾ ਇੰਨਾ ਵਧ ਗਿਆ ਕਿ ਗੱਲ ਹੱਥੋਪਾਈ ਤਕ ਪਹੁੰਚ ਗਈ। ਪੁਲਿਸ ਮੁਲਾਜ਼ਮਾਂ ਨੇ ਵੀ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਵਧਦਾ ਹੀ ਗਿਆ ਅਤੇ ਇਸ ਦੌਰਾਨ ਇਕ ਭੈਣ ਦੇ ਬੁਆਏਫ੍ਰੈਂਡ ਆਪਣੇ ਸਾਥੀਆਂ ਨਾਲ ਦੂਜੀ ਧਿਰ ਦੀ ਜੰਮ ਕੇ ਕੁੱਟਮਾਰ ਕੀਤੀ।
ਮਾਮਲਾ ਥਾਣਾ ਗੇਟ ਹਕੀਮਾਂ ਦੇ ਖੇਤਰ ਹਰੀਪੁਰਾ ਦਾ ਹੈ, ਜਿੱਥੇ ਭਾਵਨਾ ਨੇ ਦੱਸਿਆ ਕਿ ਉਸ ਦੀ ਭੈਣ ਦੇ ਬੁਆਏਫ੍ਰੈਂਡ ਨੇ ਰਾਜੀਨਾਮੇ ਲਈ ਆਪਣੇ ਘਰ ਬੁਲਾਇਆ ਸੀ ਅਤੇ ਉਹ ਆਪਣੀ ਮਾਮੀ ਦੇ ਨਾਲ ਗਈ ਸੀ, ਜਿੱਥੇ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਮਾਮਲਾ ਥਾਣੇ ਪੁੱਜਾ ਤਾਂ ਦੋਵੇਂ ਧਿਰਾਂ ਇਕ ਵਾਰ ਫਿਰ ਆਪਸ ਵਿੱਚ ਭਿੜੀਆਂ ਅਤੇ ਜੰਮ ਕੇ ਗਾਲੀ-ਗਲੋਚ ਕੀਤਾ। ਭਾਵਨਾ ਨੇ ਦੱਸਿਆ ਕਿ ਇਕ ਦੂਜੇ ਦੇ ਕੱਪੜੇ ਪਹਿਨਣ ਨੂੰ ਲੈ ਕੇ ਦੋਵਾਂ ਵਿਚ ਵਿਵਾਦ ਹੋਇਆ ਸੀ ਜੋ ਥਾਣੇ ਤੱਕ ਪੁੱਜਾ।
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਇਹ ਸਾਰੀ ਲੜਾਈ 2 ਭੈਣਾਂ ਦੀ ਕੱਪੜਿਆਂ ਨੂੰ ਲੈ ਕੇ ਹੋਈ ਹੈ ਅਤੇ ਇਸ ਦੌਰਾਨ ਮਾਮਲਾ ਵਧ ਗਿਆ ਹੈ। ਫਿਲਹਾਲ ਲਈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।