ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਅਧੀਨ ਆਉਂਦੇ ਇੱਕ ਮੁਹੱਲੇ ਵਿੱਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ 15-16 ਸਾਲ ਦੀ ਨਾਬਾਲਿਗ ਕੁੜੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਸੌਤੇਲਾ ਪਿਉ ਕੁੜੀ ‘ਤੇ ਰੱਖਦਾ ਮਾੜੀ ਨਜ਼ਰ
ਪੁਲਿਸ ਅਨੁਸਾਰ ਸਵੇਰੇ ਜਾਣਕਾਰੀ ਮਿਲੀ ਸੀ ਕਿ ਘਰ ਅੰਦਰ ਇੱਕ ਨਾਬਾਲਿਗ ਕੁੜੀ ਦੀ ਲਾਸ਼ ਪਈ ਹੈ। ਪੁਲਿਸ ਮੌਕੇ 'ਤੇ ਪਹੁੰਚੀ, ਕੁੜੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਵੱਡਾ ਖੁਲਾਸਾ ਸਾਹਮਣੇ ਆਇਆ ਕਿ ਕੁੜੀ ਦੀ ਹੱਤਿਆ ਉਸ ਦੇ ਸੌਤੇਲੇ ਪਿਉ ਵੱਲੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਦੋਸ਼ੀ ਪਿਉ ਕੁੜੀ ‘ਤੇ ਮਾੜੀ ਨਿਗਾਹ ਰੱਖਦਾ ਸੀ, ਜਿਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ।
ਕੰਮ ਤੋਂ ਘਰ ਆਈ ਮਾਂ ਨੇ ਦੇਖੀ ਲਾਸ਼
ਘਟਨਾ ਵਾਲੇ ਦਿਨ ਕੁੜੀ ਦੀ ਮਾਂ ਆਪਣੇ ਹੋਰ ਬੱਚਿਆਂ ਦੇ ਨਾਲ ਕੰਮ ਤੇ ਗਈ ਹੋਈ ਸੀ। ਜਦੋਂ ਉਹ ਵਾਪਸ ਘਰ ਆਈ ਤਾਂ ਉਸ ਨੇ ਘਰ ਦੇ ਅੰਦਰ ਕੁੜੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਦੇਖੀ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਲੱਕੜੀ ਨਾਲ ਕੁੜੀ ਦੇ ਸਿਰ ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਕਤਲ ਕਰਲ ਲਈ ਵਰਤੀ ਗਈ ਲੱਕੜੀ ਨੂੰ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਆਰੋਪੀ ਸੌਤੇਲੇ ਪਿਉ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।