ਅੰਮ੍ਰਿਤਸਰ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਅਚਾਨਕ ਇੱਕ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਅੰਮ੍ਰਿਤਸਰ ਦੇ ਖੰਡਵਾਲੇ ਇਲਾਕੇ ਤੋਂ ਮਾਮਲਾ ਸਾਹਮਣੇ ਆਇਆ । ਮ੍ਰਿਤਕਾ ਦੀ ਪਛਾਣ 32 ਸਾਲਾ ਅਨੂ ਵਜੋਂ ਹੋਈ ਹੈ ਜਿਸਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ, ਮ੍ਰਿਤਕਾ ਦੇ ਮਾਮੇ ਦੇ ਪਰਿਵਾਰ ਨੇ ਸਹੁਰਿਆਂ 'ਤੇ ਗੰਭੀਰ ਆਰੋਪ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਨੂ ਲੰਬੇ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਸੀ।
ਆਰੋਪ ਹੈ ਕਿ ਉਸਦੇ ਸਹੁਰੇ ਦੇ ਮਾੜੇ ਇਰਾਦੇ ਸਨ ਤੇ ਉਹ ਕਥਿਤ ਤੌਰ 'ਤੇ ਉਸਨੂੰ ਪਰੇਸ਼ਾਨ ਕਰਦੇ ਸਨ। ਪਰਿਵਾਰ ਦੇ ਅਨੁਸਾਰ, ਇਸ ਪਰੇਸ਼ਾਨੀ ਕਾਰਨ ਅਨੂ ਮਾਨਸਿਕ ਤੌਰ 'ਤੇ ਟੁੱਟ ਗਈ ਸੀ। ਮਾਮੇ ਦੇ ਪਰਿਵਾਰ ਦਾ ਦਾਅਵਾ ਹੈ ਕਿ ਅਨੂ ਨੇ ਆਪਣੇ ਸਹੁਰੇ ਦੇ ਕਥਿਤ ਵਿਵਹਾਰ ਅਤੇ ਦਬਾਅ ਕਾਰਨ ਇਹ ਭਿਆਨਕ ਕਦਮ ਚੁੱਕਿਆ।
ਘਟਨਾ ਦੀ ਸੂਚਨਾ ਮਿਲਣ 'ਤੇ, ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮੁੱਢਲੀ ਜਾਂਚ ਤੋਂ ਬਾਅਦ, ਪੁਲਿਸ ਨੇ ਮ੍ਰਿਤਕ ਔਰਤ ਦੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮੇ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜਾਣਕਾਰੀ ਅਨੁਸਾਰ ਅਨੂ ਦਾ ਵਿਆਹ ਅੰਮ੍ਰਿਤਸਰ ਦੇ ਖੰਡਵਾਲੇ ਇਲਾਕੇ ਵਿੱਚ ਹੋਇਆ ਸੀ ਅਤੇ ਉਸਦਾ ਇੱਕ 4 ਸਾਲ ਦਾ ਬੱਚਾ ਹੈ। ਮ੍ਰਿਤਕਾ ਦਾ ਪਤੀ ਦੁਬਈ ਵਿੱਚ ਕੰਮ ਕਰਦਾ ਹੈ।