ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿੱਚ ਅਕਾਲੀ ਦਲ (ਬਾਦਲ) ਨਾਲ ਗਠਜੋੜ ਜ਼ਰੂਰੀ ਦੱਸਣ ਵਾਲੇ ਦਾਅਵੇ ਨੂੰ ਭਾਜਪਾ ਨੇ ਨਾਕਾਰ ਦਿੱਤਾ ਹੈ । ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕੈਪਟਨ ਸਾਹਿਬ ਸੀਨੀਅਰ ਹਨ ਅਤੇ ਉਨ੍ਹਾਂ ਨੇ ਆਪਣੀ ਨਿੱਜੀ ਰਾਇ ਪ੍ਰਗਟ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਪਹਿਲੇ ਦਿਨ ਤੋਂ ਹੀ ਸਪੱਸ਼ਟ ਹੈ, ਉਹ 117 ਸੀਟਾਂ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਭਾਜਪਾ 2027 ਵਿੱਚ ਇਕੱਲਿਆਂ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪੋਡਕਾਸਟ ਵਿੱਚ ਕਿਹਾ ਸੀ ਕਿ ਭਾਜਪਾ ਪੰਜਾਬ ਵਿੱਚ ਆਪਣੇ ਦਮ ‘ਤੇ ਸਰਕਾਰ ਨਹੀਂ ਬਣਾ ਸਕਦੀ । ਜੇਕਰ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ ਤਾਂ ਉਸਨੂੰ ਅਕਾਲੀਆਂ ਨਾਲ ਗੱਠਜੋੜ ਕਰਨਾ ਪਵੇਗਾ। ਹੋਰ ਕੋਈ ਰਸਤਾ ਨਹੀਂ ਹੈ। ਉਨ੍ਹਾਂ ਦਲੀਲ ਦਿੱਤੀ ਕਿ ਸੂਬੇ ਦੇ ਗੁੰਝਲਦਾਰ ਰਾਜਨੀਤਿਕ ਅਤੇ ਸਮਾਜਿਕ ਸਮੀਕਰਨਾਂ ਨੂੰ ਮਜ਼ਬੂਤ ਕਰਨਾ ਸਥਾਨਕ ਗੱਠਜੋੜਾਂ ਰਾਹੀਂ ਹੀ ਸੰਭਵ ਹੋ ਸਕਦਾ ਹੈ।
ਕੈਪਟਨ ਨੇ ਕਿਹਾ ਸੀ ਇਸਦਾ ਮੁੱਖ ਕਾਰਨ ਇਹ ਹੈ ਕਿ ਭਾਜਪਾ ਦਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਅਧਾਰ ਨਹੀਂ ਹੈ ਜਦੋਂਕਿ ਅਕਾਲੀ ਦਲ ਦਾ ਹੈ। ਇਸ ਲਈ ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਹੈ ਤਾਂ ਹੀ ਪੰਜਾਬ ਵਿੱਚ ਸਰਕਾਰ ਸੰਭਵ ਹੈ। ਉਨ੍ਹਾਂ ਕਿਹਾ ਇਹ ਮੇਰਾ ਤਜਰਬਾ ਹੈ। ਜੇਕਰ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰਦੀ, ਤਾਂ ਸਰਕਾਰ ਬਣਾਉਣ ਲਈ 2027 ਅਤੇ 2032 ਨੂੰ ਭੁੱਲ ਜਾਓ।