Trending:
ਪੰਜਾਬ ਸਰਕਾਰ ਨੇ ਮੋਗਾ ਦੀ ਏਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਚਾਰੂਮਿਤਾ ਨੂੰ ਸਸਪੈਂਡ ਕਰ ਦਿੱਤਾ ਹੈ । ਚੀਫ ਸੈਕਟਰੀ ਕੇਪੀ ਸਿਨ੍ਹਾ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ । ਚੀਫ ਸੈਕਟਰੀ ਨੇ ਪੰਜਾਬ ਸਿਵਲ ਸੇਵਾਵਾਂ ਰੂਲਸ 1970 ਦੇ ਨਿਯਮਾਂ ਦਾ ਹਵਾਲਾ ਦਿੱਤਾ ਹੈ ।
ਚੀਫ ਸੈਕਟਰੀ ਨੇ ਕਿਹਾ ਮੁਅੱਤਲ ਦੌਰਾਨ ਚਾਰੂਮਿਤਾ ਦਾ ਹੈੱਡਕੁਆਰਟਰ ਚੰਡੀਗੜ੍ਹ ਰਹੇਗਾ ਅਤੇ ਉਹ ਸੰਬਧਿਤ ਅਥਾਰਿਟੀ ਦੀ ਮਨਜ਼ੂਰੀ ਦੇ ਬਿਨ੍ਹਾ ਬਾਹਰ ਨਹੀਂ ਜਾਵੇਗੀ ।

ਸਰਕਾਰੀ ਸੂਤਰਾਂ ਮੁਤਾਬਕ ਧਰਮਕੋਟ ਦੇ ਬਹਾਦੁਰਵਾਲਾ ਤੋਂ ਲੰਘਦੇ ਨੈਸ਼ਨਲ ਹਾਈਵੇਅ ਦੇ ਲਈ ਜ਼ਮੀਨ ਐਕਵਾਇਰ ਕੀਤੀ ਸੀ । ਇਸ ਦੌਰਾਨ ਮੁਆਵਜ਼ੇ ਵਿੱਚ 3.7 ਕਰੋੜ ਰੁਪਏ ਦੇ ਲੈਣ ਦੇਣ ਵਿੱਚ ਗੜਬੜੀ ਮਿਲੀ ਸੀ ਜਿਸਤੋਂ ਬਾਅਦ ਵਿਜੀਲੈਂਸ ਨੇ ਪੀਸੀਐੱਸ ਅਧਿਕਾਰੀ ਚਾਰੂਮਿਤਾ ਖਿਲਾਫ ਚਾਰਜ਼ਸ਼ੀਟ ਤਿਆਰ ਕੀਤੀ ਸੀ ਇਸ ਦੌਰਾਨ ਇੱਕ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ, ਜਿਸ ਕਾਰਨ ਉਸਨੂੰ ਕੋਰਟ ਜਾਣਾ ਪਿਆ, ਬਾਅਦ ਵਿੱਚ ਪੂਰੇ ਮਾਮਲੇ ਦਾ ਖੁਲਾਸਾ ਹੋਇਆ ।
ਇਸ ਮਾਮਲੇ ਵਿੱਚ ਹਾਲੇ ਤੱਕ ਏਡੀਸੀ ਚਾਰੂਮਿਤਾ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ । ਹਾਲਾਂਕਿ ਇਸਤੋਂ ਪਹਿਲਾਂ ਉਸਨੇ ਮਾਮਲੇ ਨੂੰ ਗਲਤ ਕਰਾਰ ਦਿੱਤਾ ਸੀ, ਚਾਰੂਮਿਤਾ ਨੇ ਕਿਹਾ ਸੀ ਕਿ ਇਸ ਪੂਰੇ ਮਾਮਲੇ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਹੈ ।