ਜਲਾਲਾਬਾਦ: ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ਨੇੜੇ ਇੱਕ ਦਰਦਨਾਕ ਸੜਕੀ ਹਾਦਸੇ ਦੌਰਾਨ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੇ ਦੋ ਲੋਕਾਂ ਦੀ ਮੌਤ ਹੋ ਗਈ। ਕਾਰ ਅਤੇ ਟਰੱਕ ਵਿਚਾਲੇ ਹੋਈ ਸਿੱਧੀ ਟੱਕਰ ਦੌਰਾਨ ਜਿੱਥੇ ਕਾਰ ਸਵਾਰ ਪੰਜ ਲੋਕਾਂ ’ਚੋਂ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਉੱਥੇ ਹੀ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਮਹਾਲਮ ਦਾ ਰਹਿਣ ਵਾਲਾ ਪਰਿਵਾਰ ਫਿਰੋਜ਼ਪੁਰ ਤੋਂ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ, ਜਿਸ ਦੌਰਾਨ ਜਲਾਲਾਬਾਦ ਵਾਲੇ ਪਾਸਿਓਂ ਆ ਰਹੇ ਇੱਕ ਟਰੱਕ ਨਾਲ ਕਾਰ ਟਕਰਾ ਗਈ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਸੜਕ ’ਤੇ ਲੱਗੇ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹੈ ਕਿ ਇਸ ਸੜਕ ਨੂੰ ਬੰਦੇ ਖਾਣੀ ਸੜਕ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਰੋਡ ’ਤੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਨੇ। ਸੜਕ ਛੋਟੀ ਹੋਣ ਕਾਰਨ ਅਤੇ ਵੱਧ ਰਹੇ ਟ੍ਰੈਫਿਕ ਕਾਰਨ ਲੋਕ ਇਸ ਨੂੰ ਫੋਰ ਲੇਨ ਜਾਂ ਫਿਰ ਸਿਕਸ ਲੇਨ ਬਣਾਉਣ ਦੀ ਵੀ ਮੰਗ ਕਰ ਰਹੇ ਨੇ। ਇਸ ਸੜਕ ’ਤੇ ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਰੋਡ ਦੀ ਹਾਲਤ ਖਸਤਾ ਪਈ ਹੈ, ਜਿਸ ਕਾਰਨ ਰੋਜ਼ਾਨਾ ਅਜਿਹੇ ਹਾਦਸੇ ਵਾਪਰ ਰਹੇ ਹਨ।