ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਕਈ ਥਾਵਾਂ ’ਤੇ ਧੁੰਦ ਦੀਆਂ ਸੰਘਣੀਆਂ ਪਰਤਾਂ ਲੋਕਾਂ ਦੀਆਂ ਮੁਸ਼ਕਲਾਂ ’ਚ ਵਾਧਾ ਕਰ ਰਹੀਆਂ ਹਨ। ਪਿਛਲੇ 24 ਘੰਟਿਆਂ ’ਚ, ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 0°C ਤੋਂ ਘੱਟ ਦਰਜ ਕੀਤਾ ਗਿਆ, ਜਦੋਂ ਕਿ ਉਤਰਾਖੰਡ ’ਚ ਰੀਡਿੰਗ 0°C ਤੋਂ 5°C ਦੇ ਵਿਚਕਾਰ ਸੀ।
IMD ਮੁਤਾਬਕ ਅਗਲੇ ਦੋ ਦਿਨਾਂ ’ਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ’ਚ ਘੱਟੋ-ਘੱਟ ਤਾਪਮਾਨ 2 ਤੋਂ 3°C ਤੱਕ ਡਿੱਗ ਸਕਦਾ ਹੈ।
IMD ਮੁਤਾਬਕ ਆਉਣ ਵਾਲੇ ਦਿਨਾਂ ’ਚ ਦੇਸ਼ ਦੇ ਕਈ ਹਿੱਸਿਆਂ ’ਚ ਸ਼ੀਤ ਲਹਿਰ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ। 9 ਤੋਂ 11 ਜਨਵਰੀ ਦੇ ਵਿਚਾਲੇ ਤਾਮਿਲਨਾਡੂ ਅਤੇ ਕੇਰਲ ਦੇ ਵੱਖ-ਵੱਖ ਹਿੱਸਿਆਂ ’ਚ ਭਾਰੀ ਮੀਂਹ ਦੀ ਉਮੀਦ ਹੈ।
IMD ਨੇ 7 ਤੋਂ 9 ਜਨਵਰੀ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਖੇਤਰਾਂ ’ਚ ਵੀ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ ਦਿੱਲੀ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁੱਝ ਹਿੱਸਿਆਂ ’ਚ ਵੀ ਧੁੰਦ ਪੈ ਸਕਦੀ ਹੈ।
ਦਿੱਲੀ-NCR ਖੇਤਰ ਦੇ ਕਈ ਇਲਾਕਿਆਂ ’ਚ ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਕੁੱਝ ਥਾਵਾਂ 'ਤੇ ਸੰਘਣੀ ਧੁੰਦ ਪੈ ਸਕਦੀ ਹੈ।
ਇਸ ਤੋਂ ਇਲਾਵਾ, IMD ਨੇ 7 ਅਤੇ 9 ਜਨਵਰੀ ਦੇ ਵਿਚਕਾਰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਓਡੀਸ਼ਾ ਦੇ ਕੁਝ ਹਿੱਸਿਆਂ ਲਈ ਸ਼ੀਤ ਲਹਿਰ ਦੇ ਅਲਰਟ ਜਾਰੀ ਕੀਤੇ ਹਨ। ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ ਅਤੇ ਛੱਤੀਸਗੜ੍ਹ ਵਿੱਚ ਵੀ ਸ਼ੀਤ ਲਹਿਰ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ।