ਉਤਰਾਖੰਡ ਦੇ ਅਲਮੋੜਾ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਮੰਗਲਵਾਰ ਨੂੰ ਇੱਕ ਬੱਸ ਖੱਡ ਵਿੱਚ ਡਿੱਗਣ ਕਾਰਨ 7 ਯਾਤਰੀਆਂ ਦੀ ਮੌਤ ਹੋ ਗਈ। ਹਾਦਸੇ ‘ਚ 12 ਯਾਤਰੀ ਜ਼ਖਮੀ ਵੀ ਹੋ ਗਏ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਭਿਖਿਆਸੈਨ-ਰਾਮਨਗਰ ਸੜਕ 'ਤੇ ਸ਼ੀਲਾਪਨੀ (ਵਿਨਾਇਕ ਖੇਤਰ) ਨੇੜੇ ਵਾਪਰਿਆ, ਜੋ ਕਿ ਭਿਖਿਆਸੈਨ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਰਿਪੋਰਟਾਂ ਅਨੁਸਾਰ, ਇਹ ਦੁਖਦਾਈ ਹਾਦਸਾ ਉਦੋਂ ਵਾਪਰਿਆ ਜਦੋਂ ਭਿਖਿਆਸੈਨ ਤੋਂ ਰਾਮਨਗਰ ਜਾ ਰਹੀ ਇੱਕ ਬੱਸ ਭਿਖਿਆਸੈਨ-ਵਿਨਾਇਕ-ਜਲਾਲੀ ਮੋਟਰ ਰੋਡ 'ਤੇ ਸ਼ਿਲਾਪਾਨੀ ਦੇ ਨੇੜੇ ਕੰਟਰੋਲ ਗੁਆ ਬੈਠੀ ਅਤੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਭਿਆਨਕ ਹਾਦਸੇ ਵਿੱਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਸ਼ਾਸਨ ਵੱਲੋਂ ਅਧਿਕਾਰਤ ਪੁਸ਼ਟੀ ਦੀ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ।
ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਬੱਸ
ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਬੱਸ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਖੇਤਰ ਵਿੱਚ ਹਾਦਸਾ ਹੋਇਆ ਹੈ ਉਹ ਬਹੁਤ ਖਤਰਨਾਕ ਹੈ।
ਮੁੱਖ ਮੰਤਰੀ ਧਾਮੀ ਨੇ ਦੁੱਖ ਦਾ ਕੀਤਾ ਪ੍ਰਗਟਾਵਾ
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ ਅਤੇ ਜ਼ਖਮੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਧਾਮੀ ਨੇ X 'ਤੇ ਪੋਸਟ ਕੀਤਾ ਕਿ "ਬਿਖਿਆਸੈਨ-ਵਿਨਾਇਕ ਮੋਟਰ ਰੋਡ 'ਤੇ ਬੱਸ ਹਾਦਸੇ ਦੀ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ, ਜੋ ਕਿ ਅਲਮੋੜਾ ਜ਼ਿਲ੍ਹੇ ਦੇ ਬਿਖਿਆਸੈਨ ਤੋਂ ਰਾਮਨਗਰ ਜਾ ਰਹੀ ਸੀ, ਜਿਸ ਵਿੱਚ ਯਾਤਰੀਆਂ ਦੀ ਮੌਤ ਹੋ ਗਈ। ਇਹ ਘਟਨਾ ਬਹੁਤ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਹੈ।"
