ਦਿੱਲੀ:- ਰਾਮਲੀਲਾ ਮੈਦਾਨ ਇਲਾਕੇ ਵਿੱਚ ਮੰਗਲਵਾਰ ਰਾਤ ਨੂੰ ਫੈਜ਼-ਏ-ਇਲਾਹੀ ਮਸਜਿਦ ਨੇੜੇ ਇੱਕ ਨਾਜਾਇਜ਼ ਕਬਜ਼ੇ ਵਿਰੋਧ ਮੁਹਿੰਮ ਦੌਰਾਨ ਹਿੰਸਾ ਭੜਕ ਗਈ। ਕੁਝ ਲੋਕਾਂ ਨੇ ਪੁਲਿਸ ਅਧਿਕਾਰੀਆਂ 'ਤੇ ਪੱਥਰਬਾਜ਼ੀ ਵੀ ਕੀਤੀ, ਜਿਸ ਦੌਰਾਨ 5 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ।
ਇਹ ਪੂਰਾ ਮਾਮਲਾ ਉਦੋਂ ਸ਼ੁਰੂ ਹੋਇਆ, ਜਦੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਦੌਰਾਨ ਮਸਜਿਦ ਨੂੰ ਢਾਹਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਇਹ ਪੋਸਟ ਖਾਲਿਦ ਮਲਿਕ ਨਾਮ ਦੇ ਇੱਕ ਵਿਅਕਤੀ ਦੀ ਸੀ।
ਵੀਡੀਓ ਵਿੱਚ ਉਸਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਘਰਾਂ ਤੋਂ ਬਾਹਰ ਆਉਣ ਦੀ ਅਪੀਲ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਉੱਥੇ ਕਈ ਲੋਕ ਇਕੱਠੇ ਹੋ ਗਏ, ਅਤੇ ਕੁਝ ਨੇ ਪੁਲਿਸ ਅਤੇ MCD ਕਰਮਚਾਰੀਆਂ 'ਤੇ ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ।
ਦਿੱਲੀ ਪੁਲਿਸ ਨੇ ਮੰਗਲਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ। ਹੁਣ ਤੱਕ, ਇਸ ਘਟਨਾ ਵਿੱਚ ਇੱਕ ਨਾਬਾਲਗ ਸਮੇਤ 5 ਦੰਗਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਮੁਹੰਮਦ ਅਰਿਬ (25), ਮੁਹੰਮਦ ਕੈਫ (23), ਮੁਹੰਮਦ ਕਾਸ਼ਿਫ (25), ਮੁਹੰਮਦ ਹਾਮਿਦ (30) ਅਤੇ ਇੱਕ ਨਾਬਾਲਗ ਵਜੋਂ ਹੋਈ ਹੈ।
MCD ਦੇ ਡਿਪਟੀ ਕਮਿਸ਼ਨਰ ਵਿਵੇਕ ਕੁਮਾਰ ਨੇ ਕਿਹਾ ਕਿ ਕਾਰਵਾਈ ਦੌਰਾਨ ਇੱਕ ਡਾਇਗਨੌਸਟਿਕ ਸੈਂਟਰ, ਇੱਕ ਬੈਂਕੁਇਟ ਹਾਲ ਅਤੇ ਦੁਕਾਨਾਂ ਢਾਹ ਦਿੱਤੀਆਂ ਗਈਆਂ। ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।