ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਇਸ ਸਮੇਂ ਟੈਸਟ, ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤ ਦੇ ਦੌਰੇ 'ਤੇ ਆਈ ਹੈ। 2 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਤਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦੇ ਕੇ ਕਲੀਨ ਸਵੀਪ ਕਰ ਦਿੱਤਾ ਸੀ। ਵਨਡੇ ਸੀਰੀਜ਼, ਜੋ ਕਿ ਚੱਲ ਰਹੀ ਹੈ, ਭਾਰਤੀ ਕ੍ਰਿਕਟ ਟੀਮ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਵਾਪਸੀ ਨਾਲ ਮਜ਼ਬੂਤ ਹੈ ਅਤੇ ਪਹਿਲੇ ਵਨਡੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਕਰਾਰੀ ਹਾਰ ਦਿੱਤੀ ਸੀ। ਇਸ ਤੋਂ ਬਾਅਦ ਭਾਰਤ ਦੀ ਦੱਖਣੀ ਅਫਰੀਕਾ ਦੇ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ। ਇਸ ਲਈ BCCI ਨੇ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ।

ਇਸ ਦੌਰਾਨ ਹਾਰਦਿਕ ਪੰਡਯਾ ਭਾਰਤੀ ਟੀ-20 ਟੀਮ ਵਿੱਚ ਵਾਪਸੀ ਕਰ ਚੁੱਕੇ ਹਨ। ਸ਼ੁਭਮਨ ਗਿੱਲ ਫਿੱਟ ਹਨ ਅਤੇ ਉਪ-ਕਪਤਾਨ ਹੋਣਗੇ, ਜਦ ਕਿ ਸੂਰਿਆਕੁਮਾਰ ਯਾਦਵ ਕਪਤਾਨ ਹੋਣਗੇ। ਗਿੱਲ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਗਰਦਨ ਵਿੱਚ ਸੱਟ ਲੱਗੀ ਸੀ। ਦੱਖਣੀ ਅਫਰੀਕਾ ਵਿਰੁੱਧ ਇਹ ਟੀ-20 ਸੀਰੀਜ਼ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਮਹੱਤਵਪੂਰਨ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਲਈ ਚੁਣੇ ਗਏ ਖਿਡਾਰੀ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਹੋਣਗੇ।