ਨਵੀਂ ਦਿੱਲੀ: ਐਤਵਾਰ ਤੜਕੇ ਪੂਰਬੀ ਦਿੱਲੀ ਦੇ ਸ਼ਾਹਦਰਾ ’ਚ ਇੱਕ ਬਜ਼ੁਰਗ ਜੋੜੇ ਦਾ ਉਨ੍ਹਾਂ ਦੇ ਘਰ ’ਚ ਕਤਲ ਕਰ ਦਿੱਤਾ ਗਿਆ। ਮਾਮਲਾ ਥਾਣਾ ਮਾਨਸਰੋਵਰ ਪਾਰਕ ਖ਼ੇਤਰ ਦਾ ਹੈ। ਜਾਣਕਾਰੀ ਮੁਤਾਬਕ 4 ਜਨਵਰੀ, 2026 ਨੂੰ ਕਰੀਬ 12:30 ਵਜੇ ਮ੍ਰਿਤਕ ਜੋੜੇ ਦੇ ਪੁੱਤਰ ਵੱਲੋਂ PCR ਨੂੰ ਫੋਨ ਕੀਤਾ ਗਿਆ ਅਤੇ ਜਾਣਕਾਰੀ ਦਿੱਤੀ ਗਈ ਕਿ ਉਸ ਦੇ ਪਿਤਾ ਅਤੇ ਮਾਤਾ ਬੇਹੋਸ਼ ਪਏ ਹਨ।
ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੂੰ ਘਰ ਦੀ ਤੀਜੀ ਮੰਜ਼ਿਲ 'ਤੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ ਦੀ ਪਛਾਣ ਵਰਿੰਦਰ ਕੁਮਾਰ ਬਾਂਸਲ (75) ਅਤੇ ਉਸਦੀ ਪਤਨੀ ਪਰਵੇਸ਼ ਬਾਂਸਲ (65) ਵਜੋਂ ਹੋਈ। ਵਰਿੰਦਰ ਕੁਮਾਰ ਬਾਂਸਲ ਦੇ ਚਿਹਰੇ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ 'ਤੇ ਹਮਲਾ ਕੀਤਾ ਗਿਆ ਸੀ।
ਮੌਕੇ ’ਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਵਿਸਥਾਰਤ ਜਾਂਚ ਅਤੇ ਫੋਟੋਗ੍ਰਾਫੀ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਵੇਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਦੇ ਪਿੱਛੇ ਲੁੱਟ ਦਾ ਇਰਾਦਾ ਹੋ ਸਕਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।