ਸ਼ਿਮਲਾ: ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਈ ਸਰਕਾਰੀ ਹਸਪਤਾਲਾਂ ’ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡਾਕਟਰੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਮਰੀਜ਼ ’ਤੇ ਹਮਲਾ ਕਰਨ ਦੇ ਇਲਜ਼ਾਮ ’ਚ ਰੈਜ਼ੀਡੈਂਟ ਡਾਕਟਰ ਨੂੰ ਬਰਖਾਸਤ ਕਰਨ ਦੇ ਵਿਰੋਧ ’ਚ ਡਾਕਟਰ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠੇ ਹਨ।
ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ, ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਡਾਕਟਰਾਂ ਦੀ ਅਣਹੋਂਦ ਕਾਰਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਐਮਸੀ), ਸ਼ਿਮਲਾ ਅਤੇ ਸੂਬੇ ਭਰ ਦੇ ਕਈ ਹੋਰ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰ ਸ਼ੁੱਕਰਵਾਰ ਨੂੰ ਸਮੂਹਿਕ ਛੁੱਟੀ 'ਤੇ ਚਲੇ ਗਏ।
ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਸ਼ਨੀਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ, ਜਿਸ ’ਚ ਕਿਹਾ ਗਿਆ ਕਿ ਰੁਟੀਨ ਸੇਵਾਵਾਂ, ਚੋਣਵੇਂ ਸਰਜਰੀਆਂ ਅਤੇ ਬਾਹਰੀ ਮਰੀਜ਼ ਵਿਭਾਗ ਬੰਦ ਰਹਿਣਗੇ, ਜਦੋਂ ਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
ਕੀ ਹੈ ਪੂਰਾ ਮਾਮਲਾ?
ਹਿਮਾਚਲ ਪ੍ਰਦੇਸ਼ ਸਰਕਾਰ ਨੇ ਡਾਕਟਰ ਰਾਘਵ ਨਰੂਲਾ ਨੂੰ ਮਰੀਜ਼ ਅਰਜੁਨ ਸਿੰਘ ’ਤੇ ਕਥਿਤ ਤੌਰ 'ਤੇ ਹਮਲਾ ਕਰਨ ਦੇ ਇਲਜ਼ਾਮ ’ਚ ਟਰਮੀਨੇਟ ਕੀਤਾ ਹੈ। ਬੀਤੇ ਦਿਨੀਂ ਸ਼ਿਮਲਾ ਦੇ IGMC ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਨਰੂਲਾ ਮਰੀਜ਼ ਨੂੰ ਮੁੱਕਾ ਮਾਰਦੇ ਹੋਏ ਦਿਖਾਈ ਦੇ ਰਿਹਾ ਹੈ ਜਦੋਂ ਕਿ ਮਰੀਜ਼ ਡਾਕਟਰ ਨੂੰ ਲੱਤ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਮਰੀਜ਼ ਅਰਜੁਨ ਸਿੰਘ ਮੁਤਾਬਕ ਉਹ ਬ੍ਰੌਨਕੋਸਕੋਪੀ ਲਈ ਹਸਪਤਾਲ ਆਇਆ ਸੀ ਅਤੇ ਇਹ ਵਿਵਾਦ ਡਾਕਟਰ ਦੇ ਸ਼ਬਦਾਂ ਦੀ ਚੋਣ ਨੂੰ ਲੈ ਕੇ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਡਾਕਟਰ ਨੇ ਉਨ੍ਹਾਂ ਨੂੰ "ਤੁਮ" ਦੀ ਥਾਂ "ਤੁ" ਕਹਿ ਕੇ ਬੁਲਾਇਆ, ਜਿਸ ’ਤੇ ਇਤਰਾਜ਼ ਜਤਾਉਣ ’ਤੇ ਡਾਕਟਰ ਭੜਕ ਗਿਆ।
ਹਾਲਾਂਕਿ, ਨਰੂਲਾ ਨੇ ਕਿਹਾ ਕਿ ਸਿੰਘ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ, ਜੋ ਝਗੜੇ ਦਾ ਕਾਰਨ ਬਣਆ। ਅਧਿਕਾਰੀਆਂ ਨੇ ਕਿਹਾ ਕਿ ਇੱਕ ਜਾਂਚ ਕਮੇਟੀ ਦੀ ਰਿਪੋਰਟ ’ਚ ਦੋਵਾਂ ਧਿਰਾਂ ਨੂੰ ਦੋਸ਼ੀ ਪਾਇਆ ਗਿਆ ਹੈ।
ਹਿਮਾਚਲ ਮੈਡੀਕਲ ਅਫਸਰ ਐਸੋਸੀਏਸ਼ਨ, ਸ਼ਿਮਲਾ ਐਸੋਸੀਏਸ਼ਨ ਆਫ ਮੈਡੀਕਲ ਐਂਡ ਡੈਂਟਲ ਕਾਲਜ ਟੀਚਰਜ਼, ਸ਼ਿਮਲਾ ਪ੍ਰਾਈਵੇਟ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਅਤੇ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਸਮੇਤ ਕਈ ਮੈਡੀਕਲ ਸੰਸਥਾਵਾਂ ਨਰੂਲਾ ਦੇ ਸਮਰਥਨ ’ਚ ਸਾਹਮਣੇ ਆਈਆਂ ਹਨ।
ਆਰਡੀਏ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਡਾਕਟਰ ਨੂੰ ਕਥਿਤ ਤੌਰ 'ਤੇ ਧਮਕੀ ਦੇਣ ਅਤੇ ਡਾਕਟਰੀ ਸੇਵਾਵਾਂ ਵਿੱਚ ਵਿਘਨ ਪਾਉਣ ਵਾਲੀ ਭੀੜ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਵਧਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਵੀ ਵਾਅਦਾ ਕੀਤਾ।
ਭਰੋਸਾ ਦੇਣ ਦੇ ਬਾਵਜੂਦ, ਰੈਜ਼ੀਡੈਂਟ ਡਾਕਟਰਾਂ ਨੇ ਬਰਖਾਸਤਗੀ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰੱਖੀ।