ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਅਧੀਨ ਨਾਲਾਗੜ੍ਹ ਵਿੱਚ ਨਵੇਂ ਸਾਲ ਦੀ ਸਵੇਰ ਇੱਕ ਚੌਕਾਣੇ ਵਾਲੀ ਘਟਨਾ ਨਾਲ ਸ਼ੁਰੂ ਹੋਈ। ਸਵੇਰੇ ਕਰੀਬ ਸਵਾ ਨੌਂ ਵਜੇ ਨਾਲਾਗੜ੍ਹ ਦੇ ਪੁਲਿਸ ਥਾਣੇ ਦੀ ਬਾਹਰੀ ਦੀਵਾਰ ਦੇ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਉੱਚੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ, ਜਿਸ ਕਾਰਨ ਲੋਕ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ।
ਲੋਕਾਂ ਵਿੱਚ ਡਰ ਦਾ ਮਾਹੌਲ
ਇਸ ਧਮਾਕੇ ਕਾਰਨ ਪੁਲਿਸ ਥਾਣੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ। ਥਾਣੇ ਦੇ ਨੇੜੇ ਸਥਿਤ ਈਸੀਐਚਐਸ ਪੌਲੀਕਲਿਨਿਕ ਅਤੇ ਮਾਰਕੀਟ ਕਮੇਟੀ ਦੀ ਇਮਾਰਤ ਦੇ ਕਈ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ, ਪਰ ਸੰਪਤੀ ਨੂੰ ਹੋਏ ਨੁਕਸਾਨ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਕੀਤਾ ਸੀਲ
ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਲਾਕੇ ਨੂੰ ਤੁਰੰਤ ਘੇਰਾਬੰਦੀ ਕਰਕੇ ਸੀਲ ਕਰ ਦਿੱਤਾ ਗਿਆ ਅਤੇ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਗਈ। ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਟੀਮਾਂ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ ਤਾਂ ਜੋ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਲੋਕਾਂ ਤੋਂ ਪੁੱਛਗਿੱਛ ਜਾਰੀ
ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਸੰਭਾਵੀ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਇਲਾਕੇ ਦੇ ਲੋਕਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।