ਭਾਰਤ ਦੇ ਦੌਰੇ 'ਤੇ ਆਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਇਹ ਭਾਰਤ ਤੇ ਰੂਸ ਵਿਚਕਾਰ 23ਵੀਂ ਸਾਲਾਨਾ ਮੀਟਿੰਗ ਸੀ ਅਤੇ ਉਦੇਸ਼ ਸਾਫ ਸੀ ਰੱਖਿਆ, ਵਪਾਰ, ਊਰਜਾ ਅਤੇ ਆਰਥਿਕ ਸਹਿਯੋਗ ਵਰਗੇ ਮੁੱਖ ਖੇਤਰਾਂ ਵਿੱਚ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ। ਇਸ ਦੌਰਾਨ ਸਾਰੀ ਦੁਨੀਆ ਦੀ ਨਜ਼ਰ ਦੋਵਾਂ ਦੇਸ਼ਾਂ 'ਤੇ ਟਿਕੀ ਹੋਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਭਾਰਤ ਦੇ ਨਾਲ ਆਪਣੇ ਖਾਸ ਰਿਸ਼ਤੇ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਰੂਸ ਦੇ ਨਾਲ ਆਪਣੀ ਭਾਈਵਾਲੀ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ, "ਮੈਂ ਰੂਸੀ ਵਫ਼ਦ ਦੇ ਨਿੱਘੇ ਅਤੇ ਪਰਾਹੁਣਚਾਰੀ ਭਰੇ ਸਵਾਗਤ ਲਈ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਭਾਰਤੀ ਪ੍ਰਧਾਨ ਮੰਤਰੀ ਅਤੇ ਸਾਰੇ ਭਾਰਤੀ ਸਾਥੀਆਂ ਦਾ ਧੰਨਵਾਦ ਕਰਦਾ ਹਾਂ। ਮੈਂ ਕੱਲ੍ਹ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਆਯੋਜਿਤ ਰਾਤ ਦੇ ਖਾਣੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਵੀ ਧੰਨਵਾਦ ਕਰਦਾ ਹਾਂ।" ਉਨ੍ਹਾਂ ਅੱਗੇ ਕਿਹਾ ਕਿ ਰੂਸ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਨੂੰ ਨਿਰੰਤਰ ਅਤੇ ਨਿਰਵਿਘਨ ਈਂਧਨ ਸਪਲਾਈ ਪ੍ਰਦਾਨ ਕਰਨਾ ਜਾਰੀ ਰੱਖਣ ਲਈ ਤਿਆਰ ਹੈ। ਪੁਤਿਨ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਭੁਗਤਾਨ ਸਮਝੌਤੇ ਵਿੱਚ ਰਾਸ਼ਟਰੀ ਮੁਦਰਾਵਾਂ ਦੀ ਵਰਤੋਂ ਵੱਲ ਤੇਜ਼ੀ ਨਾਲ ਵਧ ਰਹੇ ਹਨ, ਅਤੇ ਵਪਾਰਕ ਲੈਣ-ਦੇਣ ਵਿੱਚ ਉਨ੍ਹਾਂ ਦਾ ਹਿੱਸਾ ਹੁਣ 96 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਇਸ ਸਾਲ ਅਕਤੂਬਰ ਵਿੱਚ ਕਾਲਮੀਕੀਆ ਵਿੱਚ ਆਯੋਜਿਤ ਅੰਤਰਰਾਸ਼ਟਰੀ ਬੋਧੀ ਫੋਰਮ ਵਿੱਚ, ਲੱਖਾਂ ਸ਼ਰਧਾਲੂਆਂ ਨੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਮੈਨੂੰ ਖੁਸ਼ੀ ਹੈ ਕਿ ਅਸੀਂ ਜਲਦੀ ਹੀ ਰੂਸੀ ਨਾਗਰਿਕਾਂ ਲਈ 30 ਦਿਨਾਂ ਦਾ ਮੁਫ਼ਤ ਈ-ਟੂਰਿਸਟ ਵੀਜ਼ਾ ਅਤੇ 30 ਦਿਨਾਂ ਦਾ ਸਮੂਹ ਟੂਰਿਸਟ ਵੀਜ਼ਾ ਪੇਸ਼ ਕਰਾਂਗੇ।" ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ, ਸਾਡੀ ਦੋਸਤੀ ਸਾਨੂੰ ਵਿਸ਼ਵਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਾਕਤ ਦੇਵੇਗੀ, ਅਤੇ ਆਪਸੀ ਵਿਸ਼ਵਾਸ ਸਾਡੇ ਸਾਂਝੇ ਭਵਿੱਖ ਨੂੰ ਹੋਰ ਅਮੀਰ ਬਣਾਏਗਾ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਅਤੇ ਰੂਸ ਲੰਬੇ ਸਮੇਂ ਤੋਂ ਅੱਤਵਾਦ ਵਿਰੁੱਧ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਭਾਵੇਂ ਇਹ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਵੇ ਜਾਂ ਕ੍ਰੋਕਸ ਸਿਟੀ ਹਾਲ 'ਤੇ ਕਾਇਰਤਾਪੂਰਨ ਹਮਲਾ, ਇਨ੍ਹਾਂ ਸਾਰੀਆਂ ਘਟਨਾਵਾਂ ਦੀ ਜੜ੍ਹ ਇੱਕੋ ਹੈ। ਭਾਰਤ ਦ੍ਰਿੜਤਾ ਨਾਲ ਮੰਨਦਾ ਹੈ ਕਿ ਅੱਤਵਾਦ ਮਨੁੱਖਤਾ ਦੀਆਂ ਕਦਰਾਂ-ਕੀਮਤਾਂ 'ਤੇ ਸਿੱਧਾ ਹਮਲਾ ਹੈ, ਅਤੇ ਇਸਦੇ ਵਿਰੁੱਧ ਵਿਸ਼ਵਵਿਆਪੀ ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ।" ਭਾਰਤ ਅਤੇ ਰੂਸ ਦਾ ਸੰਯੁਕਤ ਰਾਸ਼ਟਰ, G20, BRICS, SCO, ਅਤੇ ਹੋਰ ਫੋਰਮਾਂ 'ਤੇ ਨਜ਼ਦੀਕੀ ਸਹਿਯੋਗ ਹੈ। ਅਸੀਂ ਇਨ੍ਹਾਂ ਸਾਰੇ ਫੋਰਮਾਂ ਵਿੱਚ ਆਪਣੀ ਗੱਲਬਾਤ ਅਤੇ ਸਹਿਯੋਗ ਜਾਰੀ ਰੱਖਾਂਗੇ।