ਤਾਮਿਲਨਾਡੂ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਤਿਰੂਚਿਰਾਪੱਲੀ-ਚੇਨਈ ਹਾਈਵੇਅ 'ਤੇ ਟਾਇਰ ਫਟਣ ਤੋਂ ਬਾਅਦ ਸਰਕਾਰੀ ਬੱਸ ਨੇ ਸੰਤੁਲਨ ਗੁਆ ਦਿੱਤਾ ਅਤੇ ਦੋ ਕਾਰਾਂ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ । ਜਦੋਂਕਿ 2 ਬੱਚਿਆਂ ਸਮੇਤ 4 ਲੋਕ ਗੰਭੀਰ ਜ਼ਖਮੀ ਹੋ ਗਏ।
ਇਹ ਹਾਦਸਾ ਰਾਸ਼ਟਰੀ ਰਾਜਮਾਰਗ 'ਤੇ ਉਸ ਸਮੇਂ ਵਾਪਰਿਆ ਜਦੋਂ ਤਿਰੂਚਿਰਾਪੱਲੀ ਤੋਂ ਚੇਨਈ ਜਾ ਰਹੀ ਇੱਕ ਸਰਕਾਰੀ ਬੱਸ ਦਾ ਟਾਇਰ ਫਟ ਗਿਆ, ਜਿਸ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬੱਸ ਸੜਕ ਦੇ ਡਿਵਾਈਡਰ 'ਤੇ ਚੜ੍ਹ ਗਈ ਅਤੇ ਦੂਜੀ ਲੇਨ ਵਿੱਚ ਜਾ ਵੜੀ ।
ਜ਼ਖਮੀ ਹਸਪਤਾਲ ‘ਚ ਜੇਰੇ ਇਲਾਜ
ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਵਿੱਚੋਂ 7 ਦੋ ਨਿੱਜੀ ਵਾਹਨਾਂ ਵਿੱਚ ਸਵਾਰ ਸਨ, ਜਦੋਂ ਕਿ ਬਾਕੀਆਂ ਦੀ ਟੱਕਰ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਕਈ ਯਾਤਰੀ ਵੀ ਜ਼ਖਮੀ ਹੋਏ ਹਨ।
ਜ਼ਖਮੀ ਬੱਚਿਆਂ ਨੂੰ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮੁੱਖ ਮੰਤਰੀ ਸਟਾਲਿਨ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਖਮੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
ਮੁੱਖ ਮੰਤਰੀ ਵੱਲੋਂ ਮੁਆਵਜੇ ਦਾ ਐਲਾਨ ਕੀਤਾ ਹੈ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਜਾਵੇਗੀ।