ਨਵੀਂ ਦਿੱਲੀ: ਬੀਤੇ ਦਿਨੀਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ ਮਗਰੋਂ ਵਿਦੇਸ਼ ਮੰਤਰੀ S ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਵੈਨੇਜ਼ੁਏਲਾ ਵਿੱਚ ਹਾਲ ਹੀ ’ਚ ਹੋਏ ਘਟਨਾਕ੍ਰਮ ਬਾਰੇ ਚਿੰਤਤ ਹੈ। ਗੱਦੀਓਂ ਲਾਹੇ ਗਏ ਰਾਸ਼ਟਰਪਤੀ ਨਿਕੋਲਸ ਮਦੂਰੋ ਅਮਰੀਕੀ ਫੌਜਾਂ ਵੱਲੋਂ ਫੜੇ ਜਾਣ ਤੋਂ ਬਾਅਦ ਨਿਊਯਾਰਕ ਦੀ ਜੇਲ੍ਹ ’ਚ ਬੰਦ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਵੈਨੇਜ਼ੁਏਲਾ ਦੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।
"ਅਸੀਂ ਇਸ ਘਟਨਾ ਨੂੰ ਲੈਕੇ ਚਿੰਤਤ ਹਾਂ, ਪਰ ਅਸੀਂ ਅਸਲ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਹੁਣ ਬੈਠਣ ਅਤੇ ਇੱਕ ਅਜਿਹੀ ਸਥਿਤੀ 'ਤੇ ਆਉਣ ਦੀ ਅਪੀਲ ਕਰਾਂਗੇ ਜੋ ਵੈਨੇਜ਼ੁਏਲਾ ਦੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਦੇ ਹਿੱਤ ਵਿੱਚ ਹੋਵੇ," ਜੈਸ਼ੰਕਰ ਨੇ ਲਕਸਮਬਰਗ ’ਚ ਇੱਕ ਸਮਾਗਮ ਵਿੱਚ ਕਿਹਾ।
ਜੈਸ਼ੰਕਰ ਨੇ ਕਿਹਾ ਕਿ ਵੈਨੇਜ਼ੁਏਲਾ, ਜਿਸ ਨਾਲ ਕਈ ਸਾਲਾਂ ਤੋਂ ਸਾਡੇ ਬਹੁਤ ਚੰਗੇ ਸਬੰਧ ਰਹੇ ਹਨ, ਅਸੀ ਚਾਹੁੰਦੇ ਹਾਂ ਕਿ ਉੱਥੋਂ ਦੇ ਲੋਕ ਸੁਰੱਖਿਅਤ ਰਹਿਣ।
3 ਜਨਵਰੀ ਨੂੰ ਅਮਰੀਕੀ ਫੌਜਾਂ ਵੱਲੋਂ ਕਰਾਕਸ ’ਚ ਅਚਾਨਕ ਕੀਤੇ ਗਏ ਹਮਲਿਆਂ ਤੋਂ ਬਾਅਦ ਮਦੂਰੋ ਨੂੰ ਫੜਨ ਤੋਂ ਬਾਅਦ ਵੈਨੇਜ਼ੁਏਲਾ ਸੰਕਟ ਸ਼ੁਰੂ ਹੋਇਆ। ਫਿਰ ਇਲੀਟ ਡੈਲਟਾ ਫੋਰਸ ਨੇ ਸਾਬਕਾ ਮਦੂਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰੇਸ ਨੂੰ ਉਨ੍ਹਾਂ ਦੇ ਬੈੱਡਰੂਮ ਤੋਂ ਕਾਬੂ ਕਰ ਅਮਰੀਕਾ ਲਿਆਂਦਾ।
ਇਹ ਕਾਰਵਾਈ ਡੋਨਲਡ ਟਰੰਪ ਵੱਲੋਂ ਮਹੀਨਿਆਂ ਤੱਕ ਜ਼ਮੀਨੀ ਹਮਲੇ ਦੀਆਂ ਧਮਕੀਆਂ ਤੋਂ ਬਾਅਦ ਕੀਤੀ ਗਈ ਸੀ। ਅਮਰੀਕੀ ਰਾਸ਼ਟਰਪਤੀ ਨੇ ਨਿਕੋਲਸ ਮਦੂਰੋ 'ਤੇ ਡਰੱਗ ਕਾਰਟੈਲ ਅਤੇ ਨਾਰਕੋ-ਅੱਤਵਾਦ ਚਲਾਉਣ ਦਾ ਇਲਜ਼ਾਮ ਲਗਾਇਆ ਸੀ।
ਮਦੂਰੋ ਅਤੇ ਉਨ੍ਹਾਂ ਦੀ ਪਤਨੀ, ਜੋ ਹੁਣ ਬਰੁਕਲਿਨ ਜੇਲ੍ਹ ’ਚ ਬੰਦ ਹਨ, ਕੱਲ੍ਹ ਮੈਨਹਟਨ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ। ਪੇਸ਼ੀ ਦੌਰਾਨ ਮਦੂਰੋ ਨੇ ਆਪਣੇ ’ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਮੈਂ ਇੱਕ ਸਤਿਕਾਰਤ ਵਿਅਕਤੀ ਹਾਂ ਅਤੇ ਮੈਂ ਅਜੇ ਵੀ ਆਪਣੇ ਦੇਸ਼ ਦਾ ਰਾਸ਼ਟਰਪਤੀ ਹਾਂ।’
ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਅਗਲੀ ਸੁਣਵਾਈ ਹੁਣ 17 ਮਾਰਚ ਨੂੰ ਹੋਵੇਗੀ।
ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ, ਡੈਲਸੀ ਰੋਡਰਿਗਜ਼ ਨੇ ਹੁਣ ਦੇਸ਼ ਦੀ ਸਿਖਰਲੀ ਅਦਾਲਤ ਦੇ ਨਿਰਦੇਸ਼ਾਂ 'ਤੇ ਲੀਡਰਸ਼ਿਪ ਦੇ ਖਲਾਅ ਨੂੰ ਭਰਨ ਲਈ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਹੈ।