ਗੋਆ ਵਿੱਚ ਨਾਈਟ ਕਲੱਬ ’ਚ ਬੀਤੀ ਦੇਰ ਰਾਤ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜ਼ਖ਼ਮੀ ਹਨ। ਮ੍ਰਿਤਕਾਂ ਵਿੱਚ 4 ਸੈਲਾਨੀ ਅਤੇ 14 ਸਟਾਫ ਮੈਂਬਰ ਸ਼ਾਮਲ ਹਨ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੇ ਕਲੱਬ ਦੇ ਚੀਫ ਜਨਰਲ ਮੈਨੇਜਰ ਰਾਜੀਵ ਮੋਦਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ ਅਤੇ ਗੇਟ ਮੈਨੇਜਰ ਰਿਆਂਸ਼ੂ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਕਲੱਬ ਦੇ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਖਿਲਾਫ਼ FIR ਦਰਜ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਹਿਰਾਸਤ ਵਿੱਚ ਲੈਣ ਦੀ ਗੱਲ ਕਹੀ ਹੈ । 2013 ਵਿੱਚ ਟਰੇਡ ਲਾਇਸੈਂਸ ਜਾਰੀ ਕਰਨ ਵਾਲੇ ਅਰਪੋਰਾ-ਨਾਗੋਆ ਪੰਚਾਇਤ ਦੇ ਸਰਪੰਚ ਰੋਸ਼ਨ ਰੈਡਕਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਬੀਤੀ ਰਾਤ 11:45 ਵਜੇ ਅੱਗ ‘ਇਲੈਕਟ੍ਰਿਕ ਪਟਾਕਿਆਂ’ ਕਾਰਨ ਲੱਗੀ ਸੀ। ਦਿੱਲੀ ਤੋਂ ਆਈ ਨੇ ਕਿਹਾ ਕਿ ਜਦੋਂ ਡਾਂਸਰ ਪੇਸ਼ਕਾਰੀ ਕਰ ਰਹੇ ਸਨ ਤਾਂ ਚਾਰੇ ਪਾਸੇ ਪਟਾਕੇ ਚਲਾਏ ਗਏ, ਜਿਸ ਕਾਰਨ ਅੱਗ ਲੱਗ ਗਈ ਅਤੇ ਭਗਦੜ ਮੱਚ ਗਈ। ਸਰਕਾਰ ਨੇ ਦੱਖਣੀ ਗੋਆ ਦੇ ਕੁਲੈਕਟਰ, ਫਾਇਰ ਬ੍ਰਿਗੇਡ ਦੇ ਡਿਪਟੀ ਡਾਇਰੈਕਟਰ ਅਤੇ ਫੋਰੈਂਸਿਕ ਲੈਬਾਰਟਰੀ ਦੇ ਡਾਇਰੈਕਟਰ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜੋ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪੇਗੀ।
ਉਧਰ ਰਾਸ਼ਟਰਪਤੀ, ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।