Speed Records ਦੇ ਮਾਲਕ ਦੇ ਪੁੱਤਰ Divit Auluck ਦੀ ਅੰਤਿਮ ਅਰਦਾਸ 'ਚ ਹਰ ਇੱਕ ਦੀ ਅੱਖ ਹੋਈ ਨਮ, ਡਾ. ਰਬਿੰਦਰ ਨਾਰਾਇਣ ਸਮੇਤ ਪੰਜਾਬੀ ਕਲਾਕਾਰ ਹੋਏ ਸ਼ਾਮਲ
ਜਲੰਧਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਛੋਟੇ ਪੁੱਤਰ ਦਿਵਿਤ ਔਲਖ ਦੀ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮਹਿਜ਼ 18 ਸਾਲ ਦੀ ਉਮਰ ਵਿੱਚ ਦਿਵਿਤ ਦੇ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਪਰਿਵਾਰ, ਰਿਸ਼ਤੇਦਾਰਾਂ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।
ਦਿਵਿਤ ਔਲਖ ਦੀ ਆਤਮਿਕ ਸ਼ਾਂਤੀ ਲਈ ਅੱਜ ਯਾਨੀ ਵੀਰਵਾਰ, 5 ਨਵੰਬਰ 2026 ਨੂੰ ਜਲੰਧਰ ਵਿਖੇ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਦੋਸਤਾਂ, ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਹੋਰ ਲੋਕਾਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਬਾਥ ਕੈਸਲ ਵਿਖੇ ਹੋਇਆ ਅੰਤਿਮ ਅਰਦਾਸ ਦਾ ਸਮਾਗਮ
ਜਾਣਕਾਰੀ ਅਨੁਸਾਰ ਦਿਵਿਤ ਔਲਖ ਦਾ ਜਨਮ 18 ਮਾਰਚ 2008 ਨੂੰ ਹੋਇਆ ਸੀ ਅਤੇ 1 ਨਵੰਬਰ 2026 ਨੂੰ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਦੁੱਖ ਦੀ ਘੜੀ ਵਿੱਚ ਔਲਖ ਪਰਿਵਾਰ ਨੂੰ ਹੌਸਲਾ ਦੇਣ ਲਈ ਵੱਖ-ਵੱਖ ਸ਼ਖ਼ਸੀਅਤਾਂ ਪਹੁੰਚੀਆਂ।
ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਜਲੰਧਰ ਦੇ ਜੀ.ਟੀ. ਰੋਡ ਸਥਿਤ ਬਾਥ ਕੈਸਲ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਕਰਵਾਇਆ ਗਿਆ।

GTC ਨੈੱਟਵਰਕ ਦੇ MD ਡਾ. ਰਬਿੰਦਰ ਨਾਰਾਇਣ, CEO ਪੱਲਵੀ ਸ਼੍ਰੀਵਾਸਤਵ ਸਮੇਤ ਕਈ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਇਸ ਮੌਕੇ GTC ਨੈੱਟਵਰਕ ਦੇ MD ਅਤੇ ਪ੍ਰੈਜ਼ੀਡੈਂਟ ਡਾ. ਰਬਿੰਦਰ ਨਾਰਾਇਣ ਅਤੇ CEO ਪੱਲਵੀ ਸ਼੍ਰੀਵਾਸਤਵ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਦੁੱਖ ਦੀ ਇਸ ਘੜੀ ਵਿੱਚ ਔਲਖ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟਾਈ ਅਤੇ ਪਰਿਵਾਰ ਦੇ ਨਾਲ ਖੜ੍ਹੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਜੈਜ਼ੀ ਬੀ, ਸਚਿਨ ਆਹੂਜਾ, ਕੁਲਵਿੰਦਰ ਬਿੱਲਾ, ਰਵਨੀਤ ਸਿੰਘ, ਇੰਦਰਜੀਤ ਨਿੱਕੂ, ਨਛੱਤਰ ਗਿੱਲ, ਮਨਕੀਰਤ ਔਲਖ, ਅਮਰਿੰਦਰ ਗਿੱਲ, ਕਰਜ ਗਿੱਲ, ਨਵਰਾਜ ਹੰਸ, ਅਲਾਪ ਸਿਕੰਦਰ ਸਣੇ ਪੰਜਾਬੀ ਇੰਡਸਟਰੀ ਦੇ ਲਗਭਗ ਸਾਰੇ ਹੀ ਕਲਾਕਾਰ ਪਹੁੰਚੇ।

ਜ਼ਿਕਰਯੋਗ ਹੈ ਕਿ ਦਿਵਿਤ ਔਲਖ ਦੇ ਅਚਾਨਕ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ। ਅੱਜ ਦੇ ਸਮਾਗਮ ਦੌਰਾਨ ਵੀ ਹਰ ਅੱਖ ਨਮ ਦਿਖਾਈ ਦਿੱਤੀ ਅਤੇ ਸਾਰਿਆਂ ਨੇ ਦਿਵਿਤ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ।