ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤਰ ਦਿਵਿਤ ਔਲਕ ਦੇ ਦਿਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ 5 ਨਵੰਬਰ 2026 ਨੂੰ ਜਲੰਧਰ ਵਿਖੇ ਦਿਵਿਤ ਔਲਕ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਭੋਗ ਪਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਸਪੀਡ ਰਿਕਾਰਡਜ਼ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਪੋਸਟ ਵਿੱਚ ਲਿਖਿਆ ਗਿਆ ਕਿ ਸਪੀਡ ਰਿਕਾਰਡਜ਼ ਪਰਿਵਾਰ ਨੌਜਵਾਨ ਦਿਵਿਤ ਔਲਕ ਦੇ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।
ਜਲੰਧਰ ਵਿਖੇ ਹੋਵੇਗੀ ਅੰਤਿਮ ਅਰਦਾਸ
ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਦਿਵਿਤ ਔਲਕ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਵੀਰਵਾਰ, 5 ਨਵੰਬਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਬਾਥ ਕੈਸਲ, ਜੀ.ਟੀ. ਰੋਡ, ਜਲੰਧਰ ਵਿਖੇ ਹੋਵੇਗਾ।
ਸਪੀਡ ਰਿਕਾਰਡਜ਼ ਵੱਲੋਂ ਸਮੂਹ ਸੰਗਤ ਅਤੇ ਸਨੇਹੀਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਾਮਲ ਹੋਣ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।
1 ਨਵੰਬਰ ਨੂੰ ਸੜਕ ਹਾਦਸੇ ਵਿੱਚ ਹੋਈ ਸੀ ਮੌਤ
ਦੱਸ ਦੇਈਏ ਕਿ ਦਿਵਿਤ ਔਲਕ ਦੀ 1 ਨਵੰਬਰ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਉਹ ਇੱਕ ਪਾਰਟੀ ਤੋਂ ਘਰ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦਿਵਿਤ ਔਲਕ ਸਮੇਤ ਕਾਰ ਵਿੱਚ ਸਵਾਰ ਇੱਕ ਹੋਰ ਨੌਜਵਾਨ ਦੀ ਵੀ ਜਾਨ ਚਲੀ ਗਈ ਸੀ। ਦਿਵਿਤ ਔਲਕ ਦਾ 3 ਨਵੰਬਰ ਨੂੰ ਅੰਤਿਮ ਸਸਕਾਰ ਕੀਤਾ ਗਿਆ ਸੀ।
GTC ਨੈੱਟਵਰਕ ਦੇ MD ਤੇ CEO ਸਮੇਤ ਕਈ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ
ਦਿਵਿਤ ਔਲਕ ਦੇ ਦਿਹਾਂਤ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਦਿਨੇਸ਼ ਔਲਕ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ GTC ਨੈੱਟਵਰਕ ਦੇ MD ਅਤੇ ਪ੍ਰੈਜ਼ੀਡੈਂਟ ਡਾ. ਰਬਿੰਦਰ ਨਾਰਾਇਣ ਅਤੇ CEO ਪੱਲਵੀ ਸ਼੍ਰੀਵਾਸਤਵ ਵੱਲੋਂ ਵੀ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟਾਇਆ ਗਿਆ ਅਤੇ ਦਿਵਿਤ ਔਲਕ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਤੋਂ ਇਲਾਵਾ ਗਿੱਪੀ ਗਰੇਵਾਲ, ਜੈਜ਼ੀ ਬੀ, ਅੰਮ੍ਰਿਤ ਮਾਨ, ਪ੍ਰੀਤ ਹਰਪਾਲ, ਪਰਮੀਸ਼ ਵਰਮਾ ਅਤੇ ਕੌਰ ਬੀ ਸਮੇਤ ਕਈ ਪੰਜਾਬੀ ਕਲਾਕਾਰਾਂ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਦਿਨੇਸ਼ ਔਲਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।