ਬੰਗਲਾਦੇਸ਼ ਦੇ ਨਰਸਿੰਗਦੀ ਜ਼ਿਲ੍ਹੇ ’ਚ ਸੋਮਵਾਰ ਰਾਤ ਨੂੰ ਇੱਕ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 40 ਸਾਲਾ ਸ਼ਰਤ ਚੱਕਰਵਰਤੀ ਮਨੀ ਵਜੋਂ ਹੋਈ ਹੈ। ਇਹ ਪਿਛਲੇ 18 ਦਿਨਾਂ ’ਚ ਇੱਕ ਹਿੰਦੂ ਵਿਅਕਤੀ ਦਾ ਛੇਵਾਂ ਕਤਲ ਹੈ।
ਸ਼ਰਤ ਚੱਕਰਵਰਤੀ ਮਨੀ ਪਲਾਸ਼ ਉਪਜਿਲਾ ਦੇ ਚਾਰਸਿੰਦੂਰ ਬਾਜ਼ਾਰ ’ਚ ਆਪਣੀ ਕਰਿਆਨੇ ਦੀ ਦੁਕਾਨ ਚਲਾ ਰਿਹਾ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਭੱਜ ਗਏ।
ਗੰਭੀਰ ਜ਼ਖਮੀ ਸ਼ਰਤ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
19 ਦਸੰਬਰ ਨੂੰ, ਸ਼ਰਤ ਨੇ ਦੇਸ਼ ’ਚ ਵੱਧ ਰਹੀ ਹਿੰਸਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਇੱਕ ਫੇਸਬੁੱਕ ਪੋਸਟ ਲਿਖੀ ਸੀ।
ਬੀਤੇ ਕੱਲ੍ਹ ਇੱਕ ਹੋਰ ਹਿੰਦੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
5 ਜਨਵਰੀ ਨੂੰ, ਜੈਸੋਰ ਜ਼ਿਲ੍ਹੇ ’ਚ ਇੱਕ ਹਿੰਦੂ ਸ਼ਖਸ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੋਨੀਰਾਮਪੁਰ ਇਲਾਕੇ ’ਚ ਇੱਕ ਬਰਫ਼ ਫੈਕਟਰੀ ਦੇ ਮਾਲਕ ਰਾਣਾ ਪ੍ਰਤਾਪ ਬੈਰਾਗੀ ਦਾ ਜਨਤਕ ਤੌਰ 'ਤੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮੋਨੀਰਾਮਪੁਰ ਦੇ ਕਪਾਲੀਆ ਬਾਜ਼ਾਰ ’ਚ ਇੱਕ ਬਰਫ਼ ਫੈਕਟਰੀ ਚਲਾਉਂਦਾ ਸੀ ਅਤੇ ਰੋਜ਼ਾਨਾ ਬੀਡੀ ਖ਼ਬਰ ਅਖਬਾਰ ਦਾ ਕਾਰਜਕਾਰੀ ਸੰਪਾਦਕ ਵੀ ਸੀ। ਜਾਣਕਾਰੀ ਮੁਤਾਬਕ, ਮੋਟਰਸਾਈਕਲ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਉਸਨੂੰ ਫੈਕਟਰੀ ਤੋਂ ਬਾਹਰ ਕੱਢਿਆ, ਇੱਕ ਗਲੀ ਵਿੱਚ ਲੈ ਗਏ, ਨੇੜਿਓਂ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਭੱਜ ਗਏ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ’ਚ ਕਈ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।