Monday, 21st of September 2026

ਭਾਰਤੀ ਖੇਡ ਜਗਤ ਨੂੰ ਵੱਡਾ ਘਾਟਾ: 9 ਗੋਲਡ ਮੈਡਲ ਜੇਤੂ ਜਸਪਾਲ ਰਾਣਾ ਦਾ ਦਿਹਾਂਤ, ਦੇਸ਼ ਭਰ 'ਚ ਸੋਗ ਦੀ ਲਹਿਰ

Edited By: Lajwinder Kaur | Updated at:
ਭਾਰਤੀ ਖੇਡ ਜਗਤ ਨੂੰ ਵੱਡਾ ਘਾਟਾ: 9 ਗੋਲਡ ਮੈਡਲ ਜੇਤੂ ਜਸਪਾਲ ਰਾਣਾ ਦਾ ਦਿਹਾਂਤ, ਦੇਸ਼ ਭਰ 'ਚ ਸੋਗ ਦੀ ਲਹਿਰ

ਭਾਰਤੀ ਖੇਡ ਜਗਤ ਨੂੰ ਵੱਡਾ ਘਾਟਾ: 9 ਗੋਲਡ ਮੈਡਲ ਜੇਤੂ ਜਸਪਾਲ ਰਾਣਾ ਦਾ ਦਿਹਾਂਤ, ਦੇਸ਼ ਭਰ 'ਚ ਸੋਗ ਦੀ ਲਹਿਰ

ਖੇਡ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ, ਜਿਸ ਕਰਕੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਭਾਰਤ ਦੇ ਮਸ਼ਹੂਰ ਨਿਸ਼ਾਨੇਬਾਜ਼ੀ ਕੋਚ ਅਤੇ ਸਾਬਕਾ ਏਸ਼ੀਅਨ ਗੇਮਜ਼ ਗੋਲਡ ਮੈਡਲ ਜੇਤੂ ਜਸਪਾਲ ਰਾਣਾ ਦਾ ਸ਼ੁੱਕਰਵਾਰ ਨੂੰ 49 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਰਾਣਾ ਭਾਰਤ ਦੇ ਪਿਸਤੌਲ ਨਿਸ਼ਾਨੇਬਾਜ਼ਾਂ ਲਈ ਹਾਈ ਪਰਫਾਰਮੈਂਸ ਕੋਚ ਦੀ ਭੂਮਿਕਾ ਨਿਭਾ ਰਹੇ ਸਨ। ਜਾਣਕਾਰੀ ਮੁਤਾਬਕ, ਮਿਊਨਿਖ ਵਿੱਚ ਆਈ.ਐਸ.ਐਸ.ਐਫ. (ISSF) ਵਰਲਡ ਕੱਪ ਤੋਂ ਭਾਰਤ ਪਰਤਦੇ ਸਮੇਂ ਉਨ੍ਹਾਂ ਨੂੰ ਸਿਹਤ ਸੰਬੰਧੀ ਕੁਝ ਪਰੇਸ਼ਾਨੀ ਮਹਿਸੂਸ ਹੋਈ ਸੀ।

ਜਾਣਕਾਰੀ ਅਨੁਸਾਰ, ਨਵੀਂ ਦਿੱਲੀ ਪਹੁੰਚਦਿਆਂ ਹੀ ਜਸਪਾਲ ਰਾਣਾ ਨੂੰ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (NRAI) ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ।

ਭਾਰਤੀ ਖੇਡ ਜਗਤ ਨੂੰ ਵੱਡਾ ਘਾਟਾ

ਰਾਣਾ ਦੀ ਮੌਤ ਭਾਰਤੀ ਨਿਸ਼ਾਨੇਬਾਜ਼ੀ ਲਈ ਇੱਕ ਵੱਡਾ ਘਾਟਾ ਹੈ। ਉਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਇਸ ਖੇਡ ਨੂੰ ਸਮਰਪਿਤ ਕੀਤਾ ਅਤੇ ਇੱਕ ਖਿਡਾਰੀ ਦੇ ਨਾਲ-ਨਾਲ ਇੱਕ ਕੋਚ ਵਜੋਂ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।

ਜਸਪਾਲ ਰਾਣਾ ਭਾਰਤ ਦੇ ਸਭ ਤੋਂ ਮਸ਼ਹੂਰ ਪਿਸਤੌਲ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਸਨ। 1990 ਦੇ ਦਹਾਕੇ ਵਿੱਚ ਉਹ ਉਦੋਂ ਚਰਚਾ ਦਾ ਕੇਂਦਰ ਬਣੇ ਜਦੋਂ ਉਨ੍ਹਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਏਸ਼ੀਅਨ ਗੇਮਜ਼, ਕਾਮਨਵੈਲਥ ਗੇਮਜ਼ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਈ ਮੈਡਲ ਜਿੱਤੇ ਅਤੇ ਦੇਸ਼ ਦੇ ਸਭ ਤੋਂ ਸਫਲ ਨਿਸ਼ਾਨੇਬਾਜ਼ਾਂ ਵਿੱਚ ਆਪਣਾ ਨਾਂ ਦਰਜ ਕਰਵਾਇਆ।

ਜਸਪਾਲ ਰਾਣਾ ਨੇ ਕਈ ਸਾਲਾਂ ਤੱਕ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਨਿਸ਼ਾਨੇਬਾਜ਼ੀ ਨੂੰ ਭਾਰਤ ਵਿੱਚ ਲੋਕਪ੍ਰਿਯ ਬਣਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਉਸ ਸਮੇਂ ਇਹ ਖੇਡ ਭਾਰਤ ਵਿੱਚ ਵਿਕਾਸ ਦੇ ਪੜਾਅ 'ਤੇ ਸੀ। ਰਾਣਾ ਦੀ ਸਫ਼ਲਤਾ ਨੇ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਪਛਾਣ ਦਿਵਾਈ ਅਤੇ ਨੌਜਵਾਨਾਂ ਨੂੰ ਨਿਸ਼ਾਨੇਬਾਜ਼ੀ ਦੀ ਖੇਡ ਅਪਣਾਉਣ ਲਈ ਬਹੁਤ ਪ੍ਰੇਰਿਤ ਕੀਤਾ।

ਮਨੂ ਭਾਕਰ ਦੀ ਸਫ਼ਲਤਾ ਦੇ ਸੂਤਰਧਾਰ ਸਨ ਕੋਚ ਜਸਪਾਲ ਰਾਣਾ

ਪੈਰਿਸ ਓਲੰਪਿਕ ਵਿੱਚ ਦੋ ਮੈਡਲ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ (Manu Bhaker) ਦੀ ਸ਼ਾਨਦਾਰ ਸਫ਼ਲਤਾ ਦੇ ਪਿੱਛੇ ਕੋਚ ਜਸਪਾਲ ਰਾਣਾ ਦਾ ਅਹਿਮ ਯੋਗਦਾਨ ਸੀ। ਉਹ ਭਾਰਤੀ ਜੂਨੀਅਰ ਟੀਮ ਦੇ ਕੋਚ ਅਤੇ ਹਾਈ ਪਰਫਾਰਮੈਂਸ ਟ੍ਰੇਨਰ ਸਨ, ਅਤੇ ਫਰਵਰੀ 2025 ਤੋਂ 25 ਮੀਟਰ ਪਿਸਤੌਲ ਵਿੱਚ ਭਾਰਤ ਦੇ ਹਾਈ ਪਰਫਾਰਮੈਂਸ ਕੋਚ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇੱਕ ਖਿਡਾਰੀ ਵਜੋਂ ਵੀ ਜਸਪਾਲ ਰਾਣਾ ਦਾ ਕਰੀਅਰ ਬੇਮਿਸਾਲ ਰਿਹਾ; ਉਨ੍ਹਾਂ ਨੇ ਏਸ਼ੀਅਨ ਗੇਮਜ਼ ਵਿੱਚ 8 ਮੈਡਲ (4 ਗੋਲਡ) ਅਤੇ ਕਾਮਨਵੈਲਥ ਗੇਮਜ਼ ਵਿੱਚ 9 ਗੋਲਡ ਮੈਡਲ ਸਮੇਤ ਕੁੱਲ 15 ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ।