Tuesday, 9th of June 2026

ਮੋਹਾਲੀ ਕਤਲ ਕਾਂਡ ‘ਚ ਆਇਆ ਅਪਡੇਟ! ਡਿੰਪਲ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਹਸਪਤਾਲੋਂ ਠੀਕ ਹੋ ਕੇ ਖ਼ੁਦ ਚੱਲ ਕੇ ਪਹੁੰਚਿਆ ਕੋਰਟ, ਜਾਣੋ ਅਦਾਲਤ 'ਚ ਕੀ ਹੋਇਆ...

By: GTC News Desk | Edited By: Lajwinder Kaur | Updated at: June 09th 2026 03:38 PM
Trending News
ਮੋਹਾਲੀ ਕਤਲ ਕਾਂਡ ‘ਚ ਆਇਆ ਅਪਡੇਟ! ਡਿੰਪਲ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਹਸਪਤਾਲੋਂ ਠੀਕ ਹੋ ਕੇ ਖ਼ੁਦ ਚੱਲ ਕੇ ਪਹੁੰਚਿਆ ਕੋਰਟ, ਜਾਣੋ ਅਦਾਲਤ 'ਚ ਕੀ ਹੋਇਆ...

ਮੋਹਾਲੀ ਕਤਲ ਕਾਂਡ ‘ਚ ਆਇਆ ਅਪਡੇਟ! ਡਿੰਪਲ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਹਸਪਤਾਲੋਂ ਠੀਕ ਹੋ ਕੇ ਖ਼ੁਦ ਚੱਲ ਕੇ ਪਹੁੰਚਿਆ ਕੋਰਟ, ਜਾਣੋ ਅਦਾਲਤ 'ਚ ਕੀ ਹੋਇਆ...

ਮੋਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਡਿੰਪਲ ਨਾਂਅ ਦੀ ਕੁੜੀ ਦੇ ਕਤਲ ਦੇ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ, ਫੇਜ਼-11 ਦੀ ਪੁਲਿਸ ਨੇ ਮੁਲਜ਼ਮ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਹੈ।

ਕੀ ਸੀ ਪੂਰਾ ਮਾਮਲਾ?

4 ਜੂਨ ਨੂੰ ਮੁਲਜ਼ਮ ਹਰਜਿੰਦਰ ਸਿੰਘ ਮਾਨ ਉਰਫ਼ ਹੈਰੀ ਨੇ ਦਫ਼ਤਰ ਵਿੱਚ ਡਿੰਪਲ ਨਾਂਅ ਦੀ ਕੁੜੀ 'ਤੇ ਚਾਕੂ ਨਾਲ 30 ਵਾਰ ਕਰਕੇ ਬੇਰਹਿਮੀ ਨਾਲ ਉਸਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ, ਉਸਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਗਲੇ 'ਤੇ ਵੀ ਚਾਕੂ ਨਾਲ ਹਮਲਾ ਕਰ ਲਿਆ ਸੀ। ਜ਼ਖ਼ਮੀ ਹਾਲਤ ਵਿੱਚ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਅਦਾਲਤ ਵਿੱਚ ਖ਼ੁਦ ਚੱਲ ਕੇ ਪਹੁੰਚਿਆ ਮੁਲਜ਼ਮ

ਪੁਲਿਸ ਨੇ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਉਹ ਖ਼ੁਦ ਚੱਲ ਕੇ ਕੋਰਟ ਪਹੁੰਚਿਆ ਸੀ ਅਤੇ ਉਸਨੇ ਆਪਣਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਸੀ। ਫਿਲਹਾਲ ਉਹ ਨਿਆਂਇਕ ਹਿਰਾਸਤ ਵਿੱਚ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ, ਪੁਲਿਸ ਉਸਦਾ ਮੁੜ ਰਿਮਾਂਡ ਲੈ ਸਕਦੀ ਹੈ ਤਾਂ ਜੋ ਕਤਲ ਦੇ ਕਾਰਨਾਂ ਅਤੇ ਪੂਰੀ ਸਾਜ਼ਿਸ਼ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

ਕੱਲ੍ਹ ਪਰਿਵਾਰ ਵੱਲੋਂ ਲਗਾਇਆ ਸੀ ਧਰਨਾ

ਸੋਮਵਾਰ ਨੂੰ ਪਟਿਆਲਾ ਦੇ ਬਾਬਾ ਰਾਮਦੇਵ ਚੌਕ, ਤੋਪਖਾਨਾ ਮੋੜ ਵਿਖੇ ਮੋਹਾਲੀ ਵਿੱਚ ਬੇਰਹਿਮੀ ਨਾਲ ਕਤਲ ਕੀਤੀ ਗਈ ਡਿੰਪਲ ਖੱਤਰੀ ਨੂੰ ਇਨਸਾਫ਼ ਦਿਵਾਉਣ ਲਈ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਵਿੱਚ ਪਟਿਆਲਾ ਦੇ ਵੱਡੀ ਗਿਣਤੀ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ, ਜਿਸ ਨਾਲ ਪੂਰੇ ਇਲਾਕੇ ਵਿੱਚ ਗ਼ਮ ਅਤੇ ਗੁੱਸੇ ਦਾ ਮਾਹੌਲ ਦੇਖਣ ਨੂੰ ਮਿਲਿਆ। ਕਈ ਨਾਮੀ ਆਗੂਆਂ ਨੇ ਵੀ ਇਸ ਧਰਨੇ ਦੇ ਵਿੱਚ ਸ਼ਾਮਿਲ ਹੋ ਕੇ ਡਿੰਪਲ ਲਈ ਇਨਸਾਫ ਦੀ ਮੰਗ ਕੀਤੀ।

ਧਰਨੇ ਦੌਰਾਨ ਲੋਕਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ‘ਡਿੰਪਲ ਨੂੰ ਇਨਸਾਫ਼ ਦਿਓ’ ਅਤੇ ‘ਦੋਸ਼ੀ ਨੂੰ ਫਾਂਸੀ ਦਿਓ’ ਵਰਗੇ ਨਾਅਰੇ ਲਿਖੇ ਹੋਏ ਸਨ। ਸਾਰਿਆਂ ਨੇ ਇੱਕ ਸੁਰ ਵਿੱਚ ਮੰਗ ਕੀਤੀ ਕਿ ਡਿੰਪਲ ਦੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।

Latest News