ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਪੰਜਾਬ ਅਤੇ ਚੰਡੀਗੜ੍ਹ ਦਫ਼ਤਰਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਚੱਲ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਖ਼ਿਲਾਫ਼ ਆਮ ਆਦਮੀ ਪਾਰਟੀ (AAP) ਨੇ ਸਖ਼ਤ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਨ ਦੌਰਾਨ ‘ਆਪ’ ਵਰਕਰ ਮੋਹਾਲੀ ਦੇ ਪੁੱਡਾ ਭਵਨ ਪਹੁੰਚੇ, ਜਿੱਥੇ ਸੁਰੱਖਿਆ ਕਰਮਚਾਰੀਆਂ ਨਾਲ ਉਨ੍ਹਾਂ ਦੀ ਜ਼ਬਰਦਸਤ ਧੱਕਾਮੁੱਕੀ ਹੋਈ।
ਬੈਰੀਕੇਡ ਤੋੜ ਕੇ ਅੰਦਰ ਵੜੇ ਵਰਕਰ, CRPF ਨੇ ਸੰਭਾਲਿਆ ਮੋਰਚਾ
ਕੁਝ ਵਰਕਰ ਬੈਰੀਕੇਡ ਤੋੜ ਕੇ ਭਵਨ ਦੇ ਅੰਦਰ ਤੱਕ ਦਾਖ਼ਲ ਹੋ ਗਏ। ਹਾਲਾਂਕਿ, ਮੌਕੇ 'ਤੇ ਤਾਇਨਾਤ ਸੀ.ਆਰ.ਪੀ.ਐੱਫ. (CRPF) ਦੇ ਜਵਾਨਾਂ ਨੇ ਸਖ਼ਤੀ ਵਰਤਦਿਆਂ ਉਨ੍ਹਾਂ ਨੂੰ ਅੱਗੇ ਬਿਲਡਿੰਗ ਵਿੱਚ ਨਹੀਂ ਵਧਣ ਦਿੱਤਾ। ਇਸ ਸਮੇਂ ਪੁੱਡਾ ਭਵਨ ਅਤੇ ਗਮਾਡਾ ਦਫ਼ਤਰ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਹੈ ਅਤੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ।
ਮਨੀਸ਼ ਸਿਸੋਦੀਆ ਦਾ ਕੇਂਦਰ ਸਰਕਾਰ 'ਤੇ ਤਿੱਖਾ ਤੰਜ
ਦੂਜੇ ਪਾਸੇ, ਪੰਜਾਬ ਅਤੇ ਚੰਡੀਗੜ੍ਹ ਵਿੱਚ ਈ.ਡੀ. ਦੀ ਇਸ ਕਾਰਵਾਈ 'ਤੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ ਰਾਹੀਂ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਹ ਈ.ਡੀ. ਵਾਲੇ ਅੱਜਕੱਲ੍ਹ ਮੋਦੀ ਦੀ ਡਕੈਤ ਸੈਨਾ ਬਣ ਕੇ ਲੋਕਾਂ ਨੂੰ ਡਰਾਉਂਦੇ ਫਿਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਤਾਲੇ ਤੋੜ ਕੇ ਲੋਕਾਂ ਦੇ ਘਰਾਂ ਵਿੱਚ ਵੜਿਆ ਜਾ ਰਿਹਾ ਹੈ, ਪਰ ਇਨ੍ਹਾਂ ਏਜੰਸੀਆਂ ਦੇ ਹੱਥ ਕੁਝ ਨਹੀਂ ਲੱਗ ਰਿਹਾ ਅਤੇ ਹਰ ਜਗ੍ਹਾ ਤੋਂ ਖਾਲੀ ਹੱਥ ਮੁੜਨਾ ਪੈ ਰਿਹਾ ਹੈ।
ये ED वाले आजकल मोदी की डकैत सेना बनकर लोगों को डराते घूम रहे हैं। ताले तोड़कर लोगों के घरों में घुस रहे हैं।लेकिन इन डकैतों को कुछ मिल ही नहीं रहा। हर जगह से खाली हाथ वापस आना पड़ रहा है। https://t.co/ngB7nMjM6I
— Manish Sisodia (@msisodia) September 24, 2026
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ- ' ਚੋਣਾਂ ਨੇੜੇ ਆਉਂਦਿਆਂ ਪੰਜਾਬ ਵਿੱਚ ED ਦੀਆਂ ਕਾਰਵਾਈਆਂ ਤੇਜ਼ ਹੋ ਗਈਆਂ ਹਨ। ਆਗੂਆਂ, ਵਰਕਰਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰ ਇਹ ਪੰਜਾਬ ਹੈ, ਇੱਥੇ ਧੌਂਸ ਨਾਲ ਲੋਕਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ED ਦੀਆਂ ਛਾਪੇਮਾਰੀਆਂ ਨਾਲ ਸੱਚ ਦੀ ਆਵਾਜ਼ ਹੋਰ ਬੁਲੰਦ ਹੋਵੇਗੀ।'
ਚੋਣਾਂ ਨੇੜੇ ਆਉਂਦਿਆਂ ਪੰਜਾਬ ਵਿੱਚ ED ਦੀਆਂ ਕਾਰਵਾਈਆਂ ਤੇਜ਼ ਹੋ ਗਈਆਂ ਹਨ। ਆਗੂਆਂ, ਵਰਕਰਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਇਹ ਪੰਜਾਬ ਹੈ, ਇੱਥੇ ਧੌਂਸ ਨਾਲ ਲੋਕਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ED ਦੀਆਂ ਛਾਪੇਮਾਰੀਆਂ ਨਾਲ ਸੱਚ ਦੀ ਆਵਾਜ਼ ਹੋਰ ਬੁਲੰਦ…
— Tarunpreet Singh Sond (@TarunpreetSond) September 24, 2026
ਜਦੋਂ-ਜਦੋਂ ਮੋਦੀ ਡਰਦਾ ਹੈ, ED ਨੂੰ ਅੱਗੇ ਕਰਦਾ ਹੈ- ਹਰਭਜਨ ਸਿੰਘ ਈਟੀਓ
ਆਪ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਲਿਖਿਆ ਹੈ- 'ਜਦੋਂ-ਜਦੋਂ ਮੋਦੀ ਡਰਦਾ ਹੈ, ED ਨੂੰ ਅੱਗੇ ਕਰਦਾ ਹੈ।
ਮੋਦੀ ਜੀ ਨੂੰ ਪਤਾ ਚੱਲ ਗਿਆ ਹੈ ਕਿ ਉਨ੍ਹਾਂ ਨੂੰ ਦੇਸ਼ ਦੇ ਲੋਕ ਨਫ਼ਰਤ ਕਰਦੇ ਹਨ, ਜਿਸ ਗੱਲ ਤੋਂ ਉਹ ਬੁਰੀ ਤਰ੍ਹਾਂ ਡਰ ਗਏ ਹਨ। ਇਸੇ ਲਈ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕੱਲ੍ਹ ਤੋਂ ED ਦੀਆਂ ਟੀਮਾਂ ਅਧਿਕਾਰੀਆਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੇ ਘਰਾਂ ’ਤੇ ਛਾਪੇ ਮਾਰ ਰਹੀਆਂ ਹਨ।
ਪਰ ਇਨ੍ਹਾਂ ਨੂੰ ਪੰਜਾਬ ਸਰਕਾਰ ਜਾਂ AAP ਦੇ ਖ਼ਿਲਾਫ਼ ਕਿਤੋਂ ਵੀ ਕੁਝ ਨਹੀਂ ਮਿਲ ਰਿਹਾ। ਲੇਕਿਨ ਸ਼ਾਇਦ ਮੋਦੀ ਜੀ ਭੁੱਲ ਗਏ ਹਨ ਕਿ ਪੰਜਾਬ ਅਜਿਹੀ ਧੌਂਸ ਅਤੇ ਜ਼ਬਰਦਸਤੀ ਬਰਦਾਸ਼ਤ ਨਹੀਂ ਕਰੇਗਾ।'

ਇਸ ਤਰ੍ਹਾਂ ਕੈਬਨਿਟ ਮੰਤਰੀ ਹਰਪਾਲ ਚੀਮਾ ਤੋਂ ਲੈ ਕੇ ਕਈ ਹੋਰ ਆਗੂਆਂ ਨੇ ਈਡੀ ਦੀ ਕਾਰਵਾਈ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਿਆ ਹੈ ਅਤੇ ਕਿਹਾ ਹੈ ਕਿ BJP ਵਾਲੇ ਈਡੀ ਦੀ ਵਰਤੋਂ ਕਰਕੇ ਪੰਜਾਬ ਦੇ ਆਪ ਆਗੂਆਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਪਹੁੰਚੀ ਹਾਈ ਕੋਰਟ
ਗਮਾਡਾ ਦਫ਼ਤਰਾਂ ਵਿੱਚ ਚੱਲ ਰਹੀ ਛਾਪੇਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੁੱਧਵਾਰ ਦੇਰ ਰਾਤ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਸਰਕਾਰ ਨੇ ਅਦਾਲਤ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ, ਜਿਸ 'ਤੇ ਹਾਈ ਕੋਰਟ ਨੇ ਈ.ਡੀ. ਦੀ ਛਾਪੇਮਾਰੀ ਦੀ ਨਿਗਰਾਨੀ ਲਈ ਇੱਕ ਵਾਰੰਟ ਅਫ਼ਸਰ (Warrant Officer) ਦੀ ਨਿਯੁਕਤੀ ਕਰ ਦਿੱਤੀ ਹੈ। ਵਾਰੰਟ ਅਫ਼ਸਰ ਨੂੰ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਵੀਰਵਾਰ ਦੁਪਹਿਰ 2 ਵਜੇ ਤੱਕ ਆਪਣੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਗਮਾਡਾ ਦਫ਼ਤਰ ਦੀਆਂ ਤਿੰਨ ਮੰਜ਼ਿਲਾਂ ਸੀਲ
ਈ.ਡੀ. ਨੇ ਮੰਗਲਵਾਰ ਸਵੇਰੇ ਮੋਹਾਲੀ ਦੇ ਫੇਜ਼-8 ਸਥਿਤ ਗਮਾਡਾ ਮੁੱਖ ਦਫ਼ਤਰ ਵਿਖੇ ਛਾਪਾ ਮਾਰਿਆ ਸੀ। ਇਸ ਦੌਰਾਨ ਟੀਮ ਵੱਲੋਂ ਸਰਕਾਰੀ ਰਿਕਾਰਡ ਖੰਘਾਲਿਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਜਾਰੀ ਹੈ। ਖ਼ਬਰਾਂ ਮੁਤਾਬਕ ਮੋਹਾਲੀ ਦਫ਼ਤਰ ਦੀਆਂ ਤਿੰਨ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ।
ਮੰਤਰੀ ਦੇ ਰਿਸ਼ਤੇਦਾਰ ਦੇ ਘਰ ਵੀ ਪਹੁੰਚੀ ਟੀਮ
ਇਸ ਜਾਂਚ ਦੇ ਦਾਇਰੇ ਵਿੱਚ ਪੰਜਾਬ ਦੇ ਸ਼ਹਿਰੀ ਆਵਾਸ ਤੇ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੈਣੀ ਉਰਫ਼ ਪ੍ਰਿੰਸ ਦੇ ਲੁਧਿਆਣਾ (ਸਾਹਨੇਵਾਲ) ਸਥਿਤ ਘਰ ਵੀ ਈ.ਡੀ. ਦੀ ਟੀਮ ਪਹੁੰਚੀ। ਇਸ ਤੋਂ ਇਲਾਵਾ, ਦੇਰ ਰਾਤ ਟੀਮ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਨਾਲ ਜੁੜੇ ਟਿਕਾਣਿਆਂ 'ਤੇ ਵੀ ਪਹੁੰਚੀ।