ਪੰਜਾਬ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੈ। 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ, ਆਮ ਆਦਮੀ ਪਾਰਟੀ ਭਰਵਾਂ ਹੁੰਗਾਰਾ ਮਿਲਿਆ ਹੈ। ਦਰਅਸਲ, ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਕਾਫ਼ੀ ਲੀਡ ਹਾਸਲ ਕਰ ਲਈ ਹੈ। ਸੂਬਾਈ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, 195 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਛੱਡ ਕੇ ਸਾਰੇ 'ਆਪ' ਦੇ ਉਮੀਦਵਾਰ ਹਨ।
ਸੂਬੇ ਦੀਆਂ 357 ਜ਼ਿਲ੍ਹਾ ਪ੍ਰੀਸ਼ਦ ਅਤੇ 2,863 ਬਲਾਕ ਸੰਮਤੀ ਸੀਟਾਂ ’ਚੋਂ, 15 ਜ਼ਿਲ੍ਹਾ ਪ੍ਰੀਸ਼ਦ ਅਤੇ 181 ਬਲਾਕ ਸੰਮਤੀ ਉਮੀਦਵਾਰ ਹੁਣ ਤੱਕ ਬਿਨਾਂ ਮੁਕਾਬਲਾ ਜਿੱਤੇ ਹਨ। 14 ਦਸੰਬਰ ਨੂੰ ਲਗਭਗ 9,500 ਉਮੀਦਵਾਰ ਚੋਣਾਂ ਲੜਨਗੇ। ਵਿਰੋਧੀ ਪਾਰਟੀਆਂ ਨੇ ਕਈ ਸਵਾਲ ਵੀ ਚੁੱਕੇ ਨੇ, ਵਿਰੋਧੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਕਈ ਖੇਤਰਾਂ ’ਚ ਨਾਮਜ਼ਦਗੀਆਂ ਦਾਖਲ ਕਰਨ ਤੋਂ ਰੋਕਿਆ ਗਿਆ ਸੀ। ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਨੇ ਨਿਰਪੱਖਤਾ ਨਾਲ ਕੰਮ ਕੀਤਾ ਹੈ ।
ਜਾਣਕਾਰੀ ਮੁਤਾਬਕ ਤਰਨਤਾਰਨ ’ਚ 12 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਤੇ ਅੰਮ੍ਰਿਤਸਰ ’ਚ 3 ਅਤੇ ਬਲਾਕ ਕਮੇਟੀ ਪੱਧਰ 'ਤੇ, ਤਰਨਤਾਰਨ ਤੋਂ 98, ਅੰਮ੍ਰਿਤਸਰ ਤੋਂ 63, ਹੁਸ਼ਿਆਰਪੁਰ ਦੇ ਚੱਬੇਵਾਲ ਇਲਾਕੇ ਤੋਂ 13 ਅਤੇ ਨਵਾਂਸ਼ਹਿਰ ’ਚ 1 ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ ਜਿੱਤਿਆ ਹੈ।