Monday, 5th of October 2026

ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ: ਲੁਧਿਆਣਾ-ਪਠਾਨਕੋਟ 'ਚ ਛਮ-ਛਮ ਮੀਂਹ, ਸੂਬੇ ‘ਚ ਬਾਰਿਸ਼ ਸਣੇ ਤੇਜ਼ ਹਵਾਵਾਂ ਦਾ ਅਲਰਟ

Edited By: Lajwinder Kaur | Updated at:
ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ: ਲੁਧਿਆਣਾ-ਪਠਾਨਕੋਟ 'ਚ ਛਮ-ਛਮ ਮੀਂਹ, ਸੂਬੇ ‘ਚ ਬਾਰਿਸ਼ ਸਣੇ ਤੇਜ਼ ਹਵਾਵਾਂ ਦਾ ਅਲਰਟ

ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ: ਲੁਧਿਆਣਾ-ਪਠਾਨਕੋਟ 'ਚ ਛਮ-ਛਮ ਮੀਂਹ, ਸੂਬੇ ‘ਚ ਬਾਰਿਸ਼ ਸਣੇ ਤੇਜ਼ ਹਵਾਵਾਂ ਦਾ ਅਲਰਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਵੀਰਵਾਰ ਨੂੰ ਲੁਧਿਆਣਾ ਅਤੇ ਪਠਾਨਕੋਟ ਵਿੱਚ ਮੀਂਹ ਪਿਆ, ਜਦਕਿ ਜਲੰਧਰ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ, ਚੰਡੀਗੜ੍ਹ ਨੇ ਅੱਜ (25 ਜੂਨ) ਅਤੇ ਭਲਕੇ ਲਈ ਸੂਬੇ ਵਿੱਚ ਮੀਂਹ, ਹਨੇਰੀ ਅਤੇ ਗਰਜ-ਚਮਕ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ।

ਗਰਮੀ ਕਰਕੇ ਵੱਧੀ ਬਿਜਲੀ ਦੀ ਮੰਗ, ਮਾਨਸੂਨ ਦਾ ਇੰਤਜ਼ਾਰ

ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਲਗਭਗ ਆਮ ਪੱਧਰ 'ਤੇ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਵੱਧ ਬਣੀ ਹੋਈ ਹੈ, ਜਦਕਿ ਥਰਮਲ ਪਲਾਂਟਾਂ ਦੀਆਂ ਤਿੰਨ ਯੂਨਿਟਾਂ ਬੰਦ ਹਨ। ਮੌਸਮ ਵਿਭਾਗ ਮੁਤਾਬਕ ਜੂਨ ਦੇ ਆਖਰੀ ਹਫ਼ਤੇ ਤੱਕ ਮਾਨਸੂਨ ਦੇ ਪੰਜਾਬ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਹਨੇਰੀ, ਗਰਜ-ਚਮਕ ਅਤੇ ਅਸਮਾਨੀ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

15 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਇਸ ਦੇ ਨਾਲ ਹੀ, ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 30.5 ਮਿਲੀਮੀਟਰ ਬਾਰਿਸ਼ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਵਿੱਚ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਪਠਾਨਕੋਟ, ਥੇਨ ਡੈਮ (ਪਠਾਨਕੋਟ) ਅਤੇ ਮੋਹਾਲੀ ਵਿੱਚ 1-1 ਮਿਲੀਮੀਟਰ, ਜਦਕਿ ਪਟਿਆਲਾ ਵਿੱਚ 0.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਅੰਮ੍ਰਿਤਸਰ ਵਿੱਚ ਬਹੁਤ ਘੱਟ (ਟ੍ਰੇਸ) ਬਾਰਿਸ਼ ਹੋਈ, ਜਦਕਿ ਸੂਬੇ ਦੇ ਬਾਕੀ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ।

ਸੂਬੇ ਵਿੱਚ ਹੁਣ ਤੱਕ ਆਮ ਔਸਤ 35.7 ਮਿਲੀਮੀਟਰ ਦੇ ਮੁਕਾਬਲੇ 33 ਫੀਸਦੀ ਘੱਟ ਬਾਰਿਸ਼ ਹੋਈ ਹੈ, ਭਾਵ ਇਸ ਸੀਜ਼ਨ ਵਿੱਚ ਪੰਜਾਬ ਵਿੱਚ ਮੀਂਹ ਦੀ ਕਮੀ ਰਹੀ ਹੈ। ਹਾਲਾਂਕਿ, ਪਿਛਲੇ ਕੁਝ ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਵਧੀਆਂ ਹਨ, ਜਿਸ ਨਾਲ ਮੌਸਮ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਪੱਛਮੀ ਗੜਬੜ (ਵੈਸਟਰਨ ਡਿਸਟਰਬੈਂਸ) ਹੁਣ ਪੂਰਬ ਵੱਲ ਵਧ ਕੇ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਅਤੇ ਉਸ ਨਾਲ ਲੱਗਦੇ ਇਲਾਕਿਆਂ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ, ਹਰਿਆਣਾ ਦੇ ਉੱਪਰ ਬਣਿਆ ਉਪਰਲੀ ਹਵਾ ਦਾ ਚੱਕਰਵਾਤੀ ਘੇਰਾ (ਸਾਈਕਲੋਨਿਕ ਸਰਕੂਲੇਸ਼ਨ) ਹੁਣ ਉੱਤਰੀ ਹਰਿਆਣਾ ਦੇ ਉੱਪਰ ਸਰਗਰਮ ਹੈ।

ਇਨ੍ਹਾਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਦਾ ਇਹ ਮਿਜ਼ਾਜ ਬਣਿਆ ਰਹਿਣ ਦੀ ਉਮੀਦ ਹੈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 24 ਤੋਂ 26 ਜੂਨ ਅਤੇ 29 ਜੂਨ ਤੱਕ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋਣ ਦੇ ਆਸਾਰ ਹਨ।